‘ਵੈਲੇਨਟਾਈਨ ਡੇ’ ‘ਤੇ ਪ੍ਰੀਤ ਹਰਪਾਲ ਲੈ ਕੇ ਆਏ ਅਪਣਾ ਨਵਾਂ ਗੀਤ
ਸਿੱਧ ਪੰਜਾਬੀ ਗਾਇਕ ਪ੍ਰੀਤ ਹਰਪਾਲ ਦੇ ਅਨੇਕਾਂ ਹੀ ਗੀਤ ਵਿਸ਼ਵ ਪ੍ਰਸਿੱਧ ਹੋਏ ਹਨ। ਦੇਸ਼-ਵਿਦੇਸ਼ ਵਿਚ ਜਿਥੇ-ਜਿਥੇ ਵੀ ਪੰਜਾਬੀ ਲੋਕ ਮੌਜੂਦ ਹਨ, ਉਨ੍ਹਾਂ ਦੇ ਗੀਤਾਂ ਦੇ ਸ਼ੌਦਾਈ ਹਨ। ਉਹ ਅਪਣੀ ਮਿੱਟੀ ਦੀ ਖੁਸ਼ਬੂ ਨਾਲ ਜੁੜੇ ਗੀਤ ਖ਼ੁਦ ਵੀ ਲਿਖਦੇ ਹਨ। ਬਹੁਤੇ ਗੀਤ ਜੋ ਉਨ੍ਹਾਂ ਦੇ ਗਾਏ ਹਨ, ਉਹ ਉਨ੍ਹਾਂ ਨੇ ਖੁਦ ਹੀ ਲਿਖੇ ਹੋਏ ਹੁੰਦੇ ਹਨ। ਉਸ ਦੇ ਲਿਖੇ ਗੀਤ ਜ਼ੈਜ਼ੀ ਬੈਂਸ ਅਤੇ ਮਿਸ ਪੂਜਾ ਨੇ ਵੀ ਗਾਏ ਹਨ।
ਪੰਜਾਬ ਦੇ ਨਾਮੀ ਗਾਇਕ ਪ੍ਰੀਤ ਹਰਪਾਲ ਜਿਹਨਾਂ ਨੇ ਅਪਣੀ ਵੱਖਰੀ ਅਤੇ ਸਾਫ ਸੁਥਰੀ ਗਾਇਕੀ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਅਪਣੀ ਖਾਸ ਜਗ੍ਹਾ ਬਣਾਈ ਹੋਈ ਹੈ। ਇਕ ਵਾਰ ਫੇਰ ਪ੍ਰੀਤ ਹਰਪਾਲ ਅਪਣਾ ਨਵਾਂ ਗੀਤ ਪਿੰਕ ਸੂਟ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ਪ੍ਰੀਤ ਹਰਪਾਲ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਇਸ ਵਾਰ ਉਹਨਾਂ ਨੇ ਅਪਣੇ ਨਵੇਂ ਗੀਤ ਪਿੰਕ ਸੂਟ ਦੇ ਰਿਲੀਜ਼ ਹੋਣ ਬਾਰੇ ਦੱਸਿਆ ਹੈ।
ਪ੍ਰੀਤ ਹਰਪਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਗੀਤ ਲੈ ਕੇ ਆਏ ਹਨ। ‘ਪਿੰਕ ਸੂਟ’ ਗੀਤ ਨੂੰ ਪ੍ਰੀਤ ਹਰਪਾਲ ਨੇ ਅਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਖੁਦ ਪ੍ਰੀਤ ਹਰਪਾਲ ਨੇ ਲਿਖੇ ਹਨ ਤੇ ਮਿਊਜ਼ਿਕ ਇਕਵਿੰਦਰ ਸਿੰਘ ਨੇ ਦਿਤਾ ਹੈ। ਪਿੰਕ ਸੂਟ ਗੀਤ ਦੀ ਵੀਡੀਓ ਬਹੁਤ ਸ਼ਾਨਦਾਰ ਬਣਾਈ ਹੋਈ ਹੈ ਜਿਸ ‘ਚ ਵਿਆਹ ਦੇ ਮਾਹੌਲ ਦੇ ਨਾਲ ਨਾਲ ਪੰਜਾਬੀ ਪਹਿਰਾਵੇ ਨੂੰ ਪੇਸ਼ ਕੀਤਾ ਗਿਆ ਹੈ।
ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪ੍ਰੀਤ ਹਰਪਾਲ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਦਿਤਾ ਜਾਂਦਾ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਫਿਲਮੀ ਸਫਰ ਦੀ ਤਾਂ ਪ੍ਰੀਤ ਹਰਪਾਲ ਬਹੁਤ ਜਲਦ ਮੈਂਡੀ ਤੱਖਰ ਦੇ ਨਾਲ ਪੰਜਾਬੀ ਮੂਵੀ ‘ਲੁੱਕਣ ਮੀਚੀ’ ਦੇ ਨਾਲ ਤਿੰਨ ਮਈ ਨੂੰ ਵੱਡੇ ਪਰਦੇ ‘ਤੇ ਨੂੰ ਨਜ਼ਰ ਆਉਣਗੇ।