• Monday, 27 April 2026
Advertisement Advertisement
ਸੀ. ਪੀ. ਆਰ. ਸੀ. ਆਈ. (ਐਮ. ਐਲ.) ਦੇ ਮੁੱਲਵਾਨ ਅਤੇ ਤਜ਼ਰਬੇਕਾਰ ਕੇਂਦਰੀ ਆਗੂ ਸੁਰਿੰਦਰ ਤਿਵਾੜੀ ਨਹੀਂ ਰਹੇ।

27 Apr 2026

ਸੀ. ਪੀ. ਆਰ. ਸੀ. ਆਈ. (ਐਮ. ਐਲ.) ਦੇ ਮੁੱਲਵਾਨ ਅਤੇ ਤਜ਼ਰਬੇਕਾਰ ਕੇਂਦਰੀ ਆਗੂ ਸੁਰਿੰਦਰ ਤਿਵਾੜੀ ਨਹੀਂ ਰਹੇ।

ਚੰਡੀਗੜ੍ਹ 26 ਅਪ੍ਰੈਲ 2026/ ਲੋਕ ਬਾਣੀ 

 

ਸੀ. ਪੀ. ਆਰ. ਸੀ. ਆਈ. (ਐਮ. ਐਲ.) ਦੇ ਇੱਕ ਹੋਰ ਮੁੱਲਵਾਨ ਅਤੇ ਤਜ਼ਰਬੇਕਾਰ ਕੇਂਦਰੀ ਆਗੂ ਸੁਰਿੰਦਰ ਤਿਵਾੜੀ ਨਹੀਂ ਰਹੇ। ਉਹਨਾਂ ਨੇ ਕੁਝ ਚਿਰ ਪਹਿਲਾਂ ਲੰਮੀ ਬਿਮਾਰੀ ਮਗਰੋਂ ਅੰਤਿਮ ਸਾਹ ਲਿਆ। ਉਹ ਸੰਨ 2009 ਤੋਂ ਜਥੇਬੰਦੀ ਦੀ ਸਰਵਉੱਚ ਕਮੇਟੀ ਦਾ ਹਿੱਸਾ ਸਨ। ਬਿਮਾਰੀ ਦੇ ਆਖਰੀ ਜੀਵਨ ਦੌਰ ਤੋਂ ਪਹਿਲਾਂ ਉਹ ਪੰਜਾਬ ਸੂਬੇ ਅੰਦਰ ਸਾਡੀ ਜਥੇਬੰਦੀ ਦੇ ਸਕੱਤਰ ਸਨ।ਨਿਸ਼ਾਂਤ, ਬੁਲਾਰਾ ਕੇਂਦਰੀ ਕਮੇਟੀ, ਸੀ. ਪੀ. ਆਰ. ਸੀ. ਆਈ. (ਐਮ. ਐਲ.) ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆ ਦੱਸਿਆ ਕਿ ਪੰਜਾਬ ਦੇ ਸਮਰਾਲਾ ‘ਚ 1952 ‘ਚ ਜਨਮੇ ਕਾਮਰੇਡ ਸੁਰਿੰਦਰ ਨੇ ਸਮਰਪਤ ਪੇਸ਼ਾਵਰ ਕਮਿਊਨਿਸਟ ਇਨਕਲਾਬੀ ਵਜੋਂ ਆਪਣਾ ਜੀਵਨ ਸਫਰ ਮੁੱਢਲੀ ਜਵਾਨੀ ਦੇ ਦਿਨਾਂ ‘ਚ ਸ਼ੁਰੂ ਕੀਤਾ।ਨਕਸਲਬਾੜੀ ਬਹਾਰ ਦੀ ਗਰਜ ਨੇ ਉਸ ਨੂੰ ਕਾਲਜ ਦੀ ਪੜ੍ਹਾਈ ਛੱਡ ਕੇ ਦੱਬੇ ਕੁਚਲਿਆਂ ਦੀ ਮੁਕਤੀ ਲਈ “ਮਰਜੀਵੜਿਆਂ” ਦੀਆਂ ਸਫਾ ‘ਚ ਕੁੱਦ ਪੈਣ ਲਈ ਪ੍ਰੇਰਿਤ ਕੀਤਾ। ਆਲੇ ਦੁਆਲੇ ਦੇ ਕਾਲਜ ‘ਚ ਨਕਸਲਬਾੜੀ ਦੀ ਚੰਗਿਆਤੀ ਦੇ ਸਮਰਥਕ ਆਪਣੇ ਹਮਜੋਲੀ ਵਿਦਿਆਰਥੀਆਂ ਦਰਮਿਆਨ ਉਹ ਇਸ ਲਹਿਰ ਦਾ ਸਿਰਕੱਢ ਮਸ਼ਾਲਚੀ ਬਣ ਕੇ ਉੱਭਰਿਆ।

 

ਕਾਮਰੇਡ ਸੁਰਿੰਦਰ ਅਜੇ 18 ਸਾਲਾਂ ਦਾ ਨਹੀਂ ਸੀ ਹੋਇਆ, ਜਦੋਂ ਸੀ. ਪੀ. ਆਈ. (ਐਮ. ਐਲ.) ਦੀ ਪੰਜਾਬ ਸੂਬਾਈ ਕਾਨਫਰੰਸ ਨੇ ਪਾਰਟੀ ਮੈਂਬਰਸ਼ਿਪ ਲਈ ਉਮਰ ਦੀ ਸ਼ਰਤ ਨੂੰ ਨਰਮ ਕਰਨ ਦਾ ਵਿਸ਼ੇਸ਼ ਫੈਸਲਾ ਕੀਤਾ ਤਾਂ ਜੋ ਉਸ ਦੀ ਕਾਨਫਰੰਸ ‘ਚ ਸ਼ਮੂਲੀਅਤ ਯਕੀਨੀ ਹੋ ਸਕੇ।

 

ਮਗਰੋਂ ਉਸਨੇ ਭਾਰਤੀ ਇਨਕਲਾਬ ਦੀ ਲੀਹ ਬਾਰੇ ਬਹਿਸਾਂ ‘ਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਜਲਦੀ ਹੀ ਕਾਮਰੇਡ ਹਰਭਜਨ ਸਿੰਘ ਸੋਹੀ ਦੀ ਅਗਵਾਈ ਵਾਲੀ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ‘ਚ ਸ਼ਾਮਲ ਹੋ ਗਿਆ। ਯੂ. ਸੀ. ਸੀ. ਆਰ. ਆਈ. (ਐਮ. ਐਲ.) ਅਤੇ ਸੀ. ਸੀ. ਆਰ. ਆਈ. ਦੇ ਸਮਿਆਂ ‘ਚ ਵੀ ਉਸ ਨੇ ਲਗਾਤਾਰ ਸੂਬਾਈ ਪਾਰਟੀ ਜਥੇਬੰਦੀ ਦੇ ਮੋਹਰੀ ਕਾਡਰ ਵਜੋਂ ਸੇਵਾਵਾਂ ਨਿਭਾਈਆਂ।

 

ਕੌਮਾਂਤਰੀ ਅਤੇ ਕੌਮੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਨਾਜੁਕ ਮੋੜਾਂ ਘੋੜਾਂ ਦਰਮਿਆਨ ਉਸਦੀ ਵਿਚਾਰਧਾਰਕ ਸਿਆਸੀ ਪ੍ਰਪੱਕਤਾ ਪਰਖ-ਕਸਵੱਟੀ ‘ਤੇ ਪੂਰੀ ਉੱਤਰਦੀ ਰਹੀ। ਮਾਓ ਵਿਚਾਰਧਾਰਾ ਦੀਆਂ ਬੁਨਿਆਦਾਂ ਅਤੇ ਇਨਕਲਾਬੀ ਜਨਤਕ ਲੀਹ ‘ਚ ਉਸਦੀ ਨਿਹਚਾ ਸਾਡੀ ਜਥੇਬੰਦੀ ਲਈ ਸਰਮਾਇਆ ਸੀ। ਉਸਦਾ ਵਿਗੋਚਾ ਨਾ ਸਿਰਫ਼ ਸਾਡੀ ਜਥੇਬੰਦੀ ਲਈ ਸਗੋਂ ਵਿਸ਼ਾਲ ਕਮਿਊਨਿਸਟ ਇਨਕਲਾਬੀ ਲਹਿਰ ਲਈ ਵੀ ਇੱਕ ਗੰਭੀਰ ਘਾਟਾ ਹੈ ਜਿਹੜੀ ਦਰੁਸਤ ਇਨਕਲਾਬੀ ਲੀਹ ਦੇ ਆਧਾਰ ‘ਤੇ ਅਸੂਲੀ ਏਕਤਾ ਦਾ ਟੀਚਾ ਹਾਸਲ ਕਰਨ ਲਈ ਜੂਝ ਰਹੀ ਹੈ।

 

ਉਸਦੀ ਅੰਤਮ ਵਿਦਾਇਗੀ ਸਮੇਂ ਕੇਂਦਰੀ ਕਮੇਟੀ ਦੇ ਨੁਮਾਇੰਦੇ ਅਤੇ ਪੰਜਾਬ ਸੂਬੇ ਦੇ ਕੁਝ ਆਗੂ ਕਾਰਕੁੰਨ ਸ਼ਾਮਲ ਹੋਏ। ਲਾਲ ਝੰਡੇ ‘ਚ ਲਪੇਟੀ ਉਸਦੀ ਮ੍ਰਿਤਕ ਦੇਹ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਕਾਮਰੇਡ ਸੁਰਿੰਦਰ ਨੂੰ ਜਜਬਾਤ ਭਰੇ ਮਾਹੌਲ ਅੰਦਰ ਇਨਕਲਾਬੀ ਨਾਹਰਿਆਂ ਅਤੇ ਤਣੇ ਹੋਏ ਮੁੱਕਿਆਂ ਨਾਲ ਨਿੱਘੀ ਲਾਲ ਸਲਾਮ ਅਤੇ ਸ਼ਰਧਾਂਜਲੀ ਅਰਪਣ ਕੀਤੀ ਗਈ।

 

ਕੇਂਦਰੀ ਕਮੇਟੀ ਇਹ ਉਦਾਸ ਖਬਰ ਦੁੱਖ ਨਾਲ ਸਾਂਝੀ ਕਰ ਰਹੀ ਹੈ ਅਤੇ ਸੀ. ਪੀ. ਆਰ. ਸੀ. ਆਈ. (ਐਮ. ਐਲ.) ਦੀਆਂ ਸਮੁੱਚੀਆਂ ਸਫਾਂ ਨੂੰ ਕਾਮਰੇਡ ਸੁਰਿੰਦਰ ਦੀ ਵਿਰਾਸਤ ਨੂੰ ਗ੍ਰਹਿਣ ਕਰਨ ਅਤੇ ਬੁਲੰਦ ਕਰਨ ਲਈ ਸਾਡੀ ਮੁਹਿੰਮ ਅੰਦਰ ਸਰਗਰਮੀ ਨਾਲ ਭਾਗ ਲੈਣ ਦਾ ਸੱਦਾ ਦਿੰਦੀ ਹੈ। ਇਹ ਮੁਹਿੰਮ ਇਤਿਹਾਸਕ ਮਈ ਦਿਨ ਤੋਂ ਸ਼ੁਰੂ ਹੋਵੇਗੀ। ਇਸ ਸੰਖੇਪ ਸੰਦੇਸ਼ ਤੋਂ ਬਾਅਦ ਕਾਮਰੇਡ ਸੁਰਿੰਦਰ ਦੇ ਮੁੱਲਵਾਨ ਯੋਗਦਾਨ ਬਾਰੇ ਹੋਰ ਟਿੱਪਣੀਆਂ ਅਤੇ ਜਾਣਕਾਰੀ ਭੇਜੀ ਜਾਵੇਗੀ।

Published on: 27 Apr 2026

Amandeep Mehra
📣 Share this post

Latest News