ਨਵੀਂ ਦਿੱਲੀ,ਲੋਕਬਾਣੀ--ਇਸ ਵੇਲ ਦੀ ਵੱਡੀ ਖ਼ਬਰ ਆਮ ਜਨਤਾ ਅਤੇ ਕਾਰੋਬਾਰੀਆਂ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਪੈਟਰੋਲੀਅਮ ਕੰਪਨੀਆਂ ਵੱਲੋਂ ਕਮਰਸ਼ੀਅਲ ਐਲ.ਪੀ.ਜੀ. (LPG) ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਦਿੱਲੀ ਵਿੱਚ 19 ਕਿੱਲੋ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ 42 ਰੁਪਏ ਵਧਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਅੱਜ ਤੋਂ ਦਿੱਲੀ ਵਿੱਚ ਇਹ ਸਿਲੰਡਰ 3071.50 ਰੁਪਏ ਦੀ ਬਜਾਏ 3113.50 ਰੁਪਏ ਵਿੱਚ ਮਿਲੇਗਾ। ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਮਿਡਲ ਈਸਟ ਵਿੱਚ ਜੰਗ ਛਿੜਨ ਤੋਂ ਬਾਅਦ ਦੇਸ਼ ਵਿੱਚ ਕਮਰਸ਼ੀਅਲ ਸਿਲੰਡਰ ਦੇ ਦਾਮ ਹੁਣ ਤੱਕ 1373 ਰੁਪਏ ਵਧ ਚੁੱਕੇ ਹਨ, ਜਿਸ ਵਿੱਚ ਪਿਛਲੇ ਮਹੀਨੇ ਹੋਇਆ 993 ਰੁਪਏ ਦਾ ਸਭ ਤੋਂ ਵੱਡਾ ਵਾਧਾ ਵੀ ਸ਼ਾਮਲ ਹੈ।
ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਸਥਿਰ
ਰਾਹਤ ਦੀ ਗੱਲ ਇਹ ਹੈ ਕਿ ਤੇਲ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰ (14.2 ਕਿਲੋਗ੍ਰਾਮ) ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਅੱਜ ਵੀ ਦਿੱਲੀ ਵਿੱਚ ਘਰੇਲੂ ਸਿਲੰਡਰ 913 ਰੁਪਏ, ਜੈਪੁਰ ਵਿੱਚ 916.5 ਰੁਪਏ ਅਤੇ ਅਹਿਮਦਾਬਾਦ ਵਿੱਚ 920 ਰੁਪਏ ਵਿੱਚ ਮਿਲੇਗਾ। ਹਾਲਾਂਕਿ, 28 ਫਰਵਰੀ ਨੂੰ ਮਿਡਲ ਈਸਟ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਦੇਸ਼ ਵਿੱਚ ਘਰੇਲੂ ਸਿਲੰਡਰ ਦੀ ਕੀਮਤ ਵੀ ਕੁੱਲ 60 ਰੁਪਏ ਵਧ ਚੁੱਕੀ ਹੈ।
5 ਕਿੱਲੋ ਵਾਲਾ ਨਾਨ-ਡੋਮੈਸਟਿਕ ਸਿਲੰਡਰ ਦੀ ਕੀਮਤ 11 ਰੁਪਏ ਵਧਾਈ ਗਈ ਹੈ, ਜਿਸ ਤੋਂ ਬਾਅਦ ਦਿੱਲੀ ਵਿੱਚ ਇਸ ਦਾ ਰੇਟ 821.50 ਰੁਪਏ ਹੋ ਗਿਆ ਹੈ। ਨਵਾਂ ਸਿਲੰਡਰ 1765.50 ਰੁਪਏ ਤੋਂ 1779.50 ਰੁਪਏ ਦੇ ਵਿਚਕਾਰ ਉਪਲਬਧ ਹੋਵੇਗਾ। 2 ਕਿੱਲੋ ਵਾਲਾ FTL ਸਿਲੰਡਰ ਦੀ ਕੀਮਤ 1062.50 ਰੁਪਏ ਤੈਅ ਕੀਤੀ ਗਈ ਹੈ ਅਤੇ ਰੀਫਿਲ 354.50 ਰੁਪਏ ਵਿੱਚ ਹੋਵੇਗਾ।
10 ਕਿੱਲੋ ਵਾਲਾ ਐਕਸਟਰਾ ਲਾਈਟ LPG ਸਿਲੰਡਰ 652 ਰੁਪਏ, 19 ਕਿੱਲੋ ਇੰਡੇਨ ਐਕਸਟਰਾ ਤੇਜ ਸਿਲੰਡਰ 3136 ਰੁਪਏ ਅਤੇ 19 ਕਿੱਲੋ ਵਾਲਾ ਨਾਨ-ਕੱਟ ਸਿਲੰਡਰ 3262 ਰੁਪਏ ਵਿੱਚ ਮਿਲੇਗਾ। ਵੱਡੇ ਉਪਭੋਗਤਾਵਾਂ ਲਈ 47.5 ਕਿੱਲੋ ਵਾਲਾ ਸਿਲੰਡਰ 105 ਰੁਪਏ ਮਹਿੰਗਾ ਹੋ ਕੇ 7779.50 ਰੁਪਏ ਦਾ ਹੋ ਗਿਆ ਹੈ।
ਜਦਕਿ ਇੰਡੇਨ ਦਾ ਐਕਸਟਰਾ ਤੇਜ ਸਿਲੰਡਰ 7836 ਰੁਪਏ ਵਿੱਚ ਮਿਲੇਗਾ। 425 ਕਿੱਲੋ ਵਾਲੇ ਵੱਡੇ ਐਲ.ਪੀ.ਜੀ. ਸਿਲੰਡਰ ਦੀ ਕੀਮਤ 69,651 ਰੁਪਏ ਹੋ ਗਈ ਹੈ, ਜਦਕਿ ਇਸ ਦੇ ‘ਐਕਸਟਰਾ ਤੇਜ’ ਵਰਜ਼ਨ ਦਾ ਰੇਟ 70,153 ਰੁਪਏ ਅਤੇ ਓਡਰਲੈੱਸ (ਗੰਧਹੀਣ) ਸਿਲੰਡਰ ਦਾ ਰੇਟ 46,497.50 ਰੁਪਏ ਤੈਅ ਕੀਤਾ ਗਿਆ ਹੈ।
ਆਮ ਜਨਤਾ ‘ਤੇ ਕੀ ਪਵੇਗਾ ਅਸਰ?
ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਧਣ ਨਾਲ ਦੇਸ਼ ਭਰ ਦੇ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ ਅਤੇ ਰੇਹੜੀ-ਫੜੀ ਵਾਲਿਆਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਬਾਜ਼ਾਰਾਂ ਵਿੱਚ ਖਾਣਾ-ਪੀਣਾ ਮਹਿੰਗਾ ਹੋ ਸਕਦਾ ਹੈ। ਵਿਆਹ-ਸ਼ਾਦੀਆਂ ਦੇ ਪ੍ਰੋਗਰਾਮਾਂ ਵਿੱਚ ਕੈਟਰਿੰਗ ਦਾ ਖਰਚਾ ਵਧੇਗਾ। ਇਸ ਤੋਂ ਇਲਾਵਾ, ਨੌਜਵਾਨਾਂ ਦੀ ਪਸੰਦ ਜਿਵੇਂ ਕਿ ਜੰਕ ਫੂਡ, ਚਾਹ ਅਤੇ ਕੌਫ਼ੀ ਦੇ ਰੇਟ ਵੀ ਵਧਣ ਦੀ ਪੂਰੀ ਸੰਭਾਵਨਾ ਹੈ।
