Friday, November 15, 2024
Featuredਭਾਰਤ

ਪੁਲਵਾਮਾ ਹਮਲੇ ਤੋਂ ਬਾਅਦ ਹੁਣ ਭਾਰਤ ਦੀ ਵਾਰੀ, ਸੰਸਦ ਭਵਨ ‘ਚ ਪਲਾਨਿੰਗ ਸ਼ੁਰੂ

ਨਵੀਂ ਦਿੱਲੀ : ਪੁਲਵਾਮਾ ਵਿਚ ਹੋਏ ਹਮਲੇ ਤੋਂ ਬਾਅਦ ਪੂਰਾ ਦੇਸ਼ ਗੁੱਸੇ ਦੀ ਅੱਗ ਵਿਚ ਸੜ੍ਹ ਰਿਹਾ ਹੈ। ਭਾਰਤ ਦਾ ਹਰ ਨਾਗਰਿਕ ਪਾਕਿਸਤਾਨ ਤੋਂ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦਾ ਹਿਸਾਬ ਲੈਣ ਦੀ ਮੰਗ ਕਰ ਰਿਹਾ ਹੈ। ਉਥੇ ਹੀ ਪੀਐਮ ਮੋਦੀ ਨੇ ਵੀ ਫੌਜ ਦੇ ਬੱਝੇ ਹੋਏ ਹੱਥ ਖੋਲ੍ਹ ਦਿੱਤੇ ਹਨ। ਪੀਐਮ ਮੋਦੀ ਨੇ ਕਿਹਾ ਕਿ ਜਗ੍ਹਾ, ਸਮਾਂ ਅਤੇ ਪਲਾਨ ਆਰਮੀ ਤਿਆਰ ਕਰੇਗੀ ਅਤੇ ਜਿੱਥੇ ਐਕਸ਼ਨ ਕਰਨਾ ਹੈ,  ਉਹ ਸਿਰਫ ਆਰਮੀ ਹੀ ਕਰੇਗੀ।

ਉਥੇ ਹੀ ਇਸ ਘਟਨਾ ਦਾ ਬਦਲਾ ਲੈਣ ਅਤੇ ਇਸ ਨਾਪਾਕ ਹਰਕਤ ਦਾ ਜਵਾਬ ਦੇਣ ਲਈ ਦਿੱਲੀ ਵਿਚ ਸਾਂਝੀ ਬੈਠਕ ਬੁਲਾਈ ਗਈ ਹੈ। ਇਸ ਬੈਠਕ ਵਿਚ ਸਰਕਾਰ ਨੇ ਸਾਰੀ ਪਾਰਟੀਆਂ ਨੂੰ ਸੱਦਾ ਦਿੱਤਾ ਹੈ। ਸ਼ੁੱਕਰਵਾਰ ਨੂੰ ਸੀਸੀਐਸ ਦੀ ਬੈਠਕ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸਦੀ ਜਾਣਕਾਰੀ ਦਿੱਤੀ ਸੀ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਾਰੇ ਦਲਾਂ ਨਾਲ ਬੈਠਕ ਕਰਨਗੇ। ਜਿਸ ਤੋਂ ਬਾਅਦ ਅੱਜ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ ਸੰਸਦ ਭਵਨ ਵਿਚ ਚੱਲ ਰਹੀ ਹੈ।

ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬਕਾਇਦਾ ਪ੍ਰੈਸ ਕਾਂਨਫਰੰਸ ਕਰਕੇ ਦੇਸ਼ ਨੂੰ ਇਹ ਦੱਸਿਆ ਸੀ ਕਿ ਕਾਂਗਰਸ ਪਾਰਟੀ ਸਮੇਤ ਪੂਰਾ ਵਿਰੋਧੀ ਪੱਖ ਸਰਕਾਰ ਅਤੇ ਫੌਜ ਦੇ ਨਾਲ ਹੈ। ਇਸ ਮੀਟਿੰਗ ਵਿਚ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਸਮੇਤ ਨੇਤਾ ਡੀ ਰਾਜਾ ਅਤੇ ਨੈਸ਼ਨਲ ਕਾਂਨਫਰੰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਪੁੱਜੇ ਹਨ।

ਐਨਸੀਪੀ ਨੇਤਾ ਸ਼ਰਦ ਪਵਾਰ ਵੀ ਮੀਟਿੰਗ ਵਿਚ ਸ਼ਾਮਿਲ ਹਨ। ਮੀਟਿੰਗ ਤੋਂ ਪਹਿਲਾਂ ਗੁਲਾਮ ਨਬੀ ਆਜ਼ਾਦ ਨੇ ਦੱਸਿਆ ਕਿ ਅਸੀਂ ਸਾਰੇ ਸੁਰੱਖਿਆ ਬਲਾਂ ਦੇ ਨਾਲ ਖੜੇ ਹਾਂ,  ਪਰ ਮੀਟਿੰਗ ਵਿਚ ਕੀ ਹੋਣ ਵਾਲਾ ਹੈ, ਇਸਦੀ ਉਨ੍ਹਾਂ ਨੂੰ ਹਲੇ ਕੋਈ ਜਾਣਕਾਰੀ ਨਹੀਂ ਹੈ। ਆਜ਼ਾਦ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤਿਵਾਦ ਨਾਲ ਲੜਨ ਲਈ ਸਰਕਾਰ ਦਾ ਸਾਥ ਦਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਗੱਲਬਾਤ ਦਾ ਸਮਾਂ ਨਹੀਂ ਹੈ ਅਤੇ ਅਜਿਹਾ ਕਰਨਾ ਬੇਵਕੂਫ਼ੀ ਹੋਵੇਗੀ।

Share the News