ਇਲਾਜ ਦੌਰਾਨ ਜਲੰਧਰ ਦੇ ਸਿਵਲ ਹਸਪਤਾਲ ਚ ਅਣਪਛਾਤੇ ਵਿਅਕਤੀ ਦੀ ਮੌਤ ……ਪੜ੍ਹੋ ਪੂਰੀ ਖ਼ਬਰ…
ਮ੍ਰਿਤਕ ਦੀ ਪਛਾਣ ਲਈ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਚ ਰਖਵਾਇਆ
ਜਲੰਧਰ , 17 ਜਨਵਰੀ (ਸੁਦੇਸ਼ ਕੁਮਾਰ )-
ਸ਼ੁੱਕਰਵਾਰ ਨੂੰ ਇਕ ਅਣਪਛਾਤੇ ਵਿਅਕਤੀ ਦੀ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ । ਵਿਅਕਤੀ ਦੀ ਮੌਤ ਹੋਣ ਮਗਰੋਂ ਸਿਵਲ ਹਸਪਤਾਲ ਵੱਲੋਂ ਥਾਣਾ ਤਿੱਨ ਦੀ ਪੁਲੀਸ ਨੂੰ ਇਤਲਾਹ ਦਿੱਤੀ ਗਈ । ਸੂਚਨਾ ਮਿਲਦੇ ਹੀ ਥਾਣਾ ਤਿੱਨ ਦੇ ਡਿਊਟੀ ਅਫਸਰ ਏ.ਐੱਸ.ਆਈ ਸ਼ਿਸ਼ਪਾਲ ਸਿੰਘ ਸਿਵਲ ਹਸਪਤਾਲ ਪੁੱਜੇ ਅਤੇ ਮ੍ਰਿਤਕ ਦੀ ਪਛਾਣ ਲਈ ਯਤਨ ਸ਼ੁਰੂ ਕੀਤੇ ।
ਸੰਪਰਕ ਕਰਨ ਤੇ ਏ.ਐੱਸ.ਆਈ ਸ਼ਿਸ਼ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਦੁਪਹਿਰ ਕਰੀਬ 12:30 ਵਜੇ ਸਿਵਲ ਹਸਪਤਾਲ ਤੋਂ ਫੋਨ ਰਾਹੀਂ ਸੂਚਨਾ ਮਿਲੀ ਸੀ ਕਿ 108 ਐਂਬੂਲੈਂਸ ਵੱਲੋਂ ਕਿਸੇ ਅਣਪਛਾਤੇ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ । ਜਿਸ ਦੀ ਸ਼ਾਮ ਕਰੀਬ ਪੰਜ ਵਜੇ ਇਲਾਜ ਦੌਰਾਨ ਮੌਤ ਹੋ ਗਈ । ਸੂਚਨਾ ਮਿਲਣ ਮਗਰੋਂ ਹਸਪਤਾਲ ਪੁੱਜੇ ਜਾਂਚ ਅਧਿਕਾਰੀ ਨੇ ਮ੍ਰਿਤਕ ਨੌਜਵਾਨ ਦੀ ਪਛਾਣ ਦੇ ਯਤਨ ਸ਼ੁਰੂ ਕੀਤੇ ਅਤੇ ਉਸ ਦੀ ਪਛਾਣ ਲਈ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ 72 ਘੰਟਿਆਂ ਲਈ ਰਖਵਾ ਦਿੱਤਾ ਹੈ । ਜਾਂਚ ਅਧਿਕਾਰੀ ਸ਼ਿਸ਼ਪਾਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਕਰਨ ਤੇ ਉਨ੍ਹਾਂ ਨੂੰ ਪਤਾ ਲੱਗਾ ਮ੍ਰਿਤਕ ਨੌਜਵਾਨ ਬੀਤੇ ਦਿਨ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਢਾਬਿਆਂ ਨੇੜੇ ਬਿਮਾਰੀ ਦੀ ਹਾਲਤ ਵਿਚ ਪਿਆ ਹੋਇਆ ਸੀ। ਜਿਸ ਨੂੰ ਆਸ ਪਾਸ ਦੇ ਲੋਕਾਂ ਨੇ 108 ਐਂਬੂਲੈਂਸ ਰਾਹੀ ਜਲੰਧਰ ਦੇ ਸਿਵਲ ਹਸਪਤਾਲ ਚ ਇਲਾਜ ਲਈ ਦਾਖਲ ਕਰਵਾ ਦਿੱਤਾ ਸੀ । ਜਿੱਥੇ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ । ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ ਕਰੀਬ 29-30 ਸਾਲ ਜਾਪਦੀ ਹੈ ਅਤੇ ਉਸ ਦਾ ਕੱਦ ਕਰੀਬ 5 ਫੁੱਟ 2 ਇੰਚ ਹੈ। ਮ੍ਰਿਤਕ ਨੌਜਵਾਨ ਪੋਲੀਓ ਦੀ ਬਿਮਾਰੀ ਨਾਲ ਪੀੜਤ ਸੀ । ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਲਈ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਢਾਬਿਆਂ ਤੇ ਜਾ ਕੇ ਪੁੱਛ ਪੜਤਾਲ ਕੀਤੀ ਪਰ ਉਸ ਬਾਰੇ ਅਜੇ ਤਕ ਕੁਝ ਪਤਾ ਨਹੀਂ ਲੱਗਾ ਹੈ । ਜਾਂਚ ਅਧਿਕਾਰੀ ਸ਼ਿਸ਼ਪਾਲ ਸਿੰਘ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਮ੍ਰਿਤਕ ਨੌਜਵਾਨ ਬਾਰੇ ਉਨ੍ਹਾਂ ਨੂੰ ਕੁਝ ਪਤਾ ਲੱਗੇ ਤਾਂ ਉਹ ਥਾਣਾ ਤਿੰਨ ਦੇ ਮੁਖੀ ਸਬ-ਇੰਸਪੈਕਟਰ ਮੁਕੇਸ਼ ਕੁਮਾਰ ਦੇ ਨੰਬਰ 95929-14113 ਜਾਂ ਉਨ੍ਹਾਂ ਦੇ ਨੰਬਰ 97797-19147 ਤੇ ਸੰਪਰਕ ਕਰ ਸਕਦਾ ਹੈ ।