ਲੁਧਿਆਣਾ ਚ ਸਿਹਤ ਵਿਭਾਗ ਵੱਲੋਂ 01 ਨਵੰਬਰ ਤੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ
ਲੁਧਿਆਣਾ ਚ ਸਿਹਤ ਵਿਭਾਗ ਵੱਲੋਂ 01 ਨਵੰਬਰ ਤੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ
ਲੁਧਿਆਣਾ, (ਸੁਖਚੈਨ ਮਹਿਰਾ,ਰਾਮ ਰਾਜਪੂਤ) – ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ 01 ਨਵੰਬਰ ਦਿਨ ਐਤਵਾਰ ਤੋਂ ਪਲਸ ਪੋਲੀਓ ਮੁਹਿੰਮ ਤਹਿਤ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਦਿੱਤੀਆਂ ਜਾਣੀਆ ਹਨ। ਇਹ ਦੂਜਾ ਐਸ.ਐਨ.ਆਈ.ਡੀ. ਰਾਊਂਡ ਹੈ।
ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਨੇ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਅਧੀਨ ਪੋਲੀਓ ਹਾਈ ਰਿਸਕ ਏਰੀਏ (ਜਿਸ ਵਿੱਚ ਝੁੱਗੀ-ਝੋਂਪੜੀ, ਭੱਠੇ ਅਤੇ ਉਸਾਰੀ ਹੋ ਰਹੇ ਏਰੀਏ) ਵਿੱਚ ਸਾਰੇ ਬੱਚਿਆਂ (0-5 ਸਾਲ) ਨੂੰ ਪੋਲੀਓ ਰੋਕੂ ਬੂੰਦਾਂ ਦਿੱਤੀਆਂ ਜਾਣੀਆ ਹਨ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਦੇ ਹੋਏ ਪੋਲੀਓ ਹਾਈ ਰਿਸਕ ਏਰੀਏ ਦੇ ਸਬੰਧਤ ਮਾਪੇ ਆਪਣੇ ਬੱਚਿਆਂ ਨੂੰ ਇਹ ਬੂੰਦਾਂ ਜ਼ਰੂਰ ਦਿਵਾਉਣ।
ਇਸ ਪ੍ਰੋਗਰਾਮ ਦੋ ਨੋਡਲ ਅਫ਼ਸਰ/ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ:ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਅੰਦਰ ਕੁੱਲ 952 ਏਰੀਏ ਅਜਿਹੇ ਹਨ ਜਿਨ੍ਹਾਂ ਨੂੰ ਹਾਈ ਰਿਸਕ ਘੋਸ਼ਿਤ ਕੀਤਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ 01 ਨਵੰਬਰ (ਐਤਵਾਰ) ਤੋਂ ਸ਼ੁਰੂ ਹੋ ਕੇ ਹਾਈ ਰਿਸਕ ਏਰੀਏ ਦੇ ਪੂਰੇ ਬੱਚੇ ਕਵਰ ਹੋਣ ਤੱਕ ਜਾਰੀ ਰਹੇਗਾ ਜਿਸ ਵਿੱਚ ਸਿਹਤ ਵਿਭਾਗ ਅਤੇ ਸਹਿਯੋਗੀ ਵਿਭਾਗਾਂ ਦੇ ਵਲੰਟੀਅਰ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਡਰਾਪਸ ਦੇਣਗੇ।
ਡਾ: ਕਿਰਨ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਨੂੰ ਠੀਕ ਤਰ੍ਹਾ ਨੇਪਰੇ ਚਾੜ੍ਹਨ ਲਈ 790 ਟੀਮਾਂ (ਘਰ-ਘਰ ਜਾ ਕੇ), 67 ਟੀਮਾਂ ਮੋਬਾਇਲ ਅਤੇ 185 ਸੁਪਰਵਾਈਜ਼ਰ ਲਾਏ ਗਏ ਹਨ। ਇਸ ਮੁਹਿੰਮ ਤਹਿਤ ਲਗਭਗ 1,48,550 ਬੱਚਿਆਂ ਨੂੰ ਡਰਾਪਸ ਦੇਣ ਦਾ ਟੀਚਾ ਹੈ ਅਤੇ 3,70,461 ਘਰ ਕਵਰ ਕੀਤੇ ਜਾਣੇ ਹਨ।
ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ:ਕਿਰਨ ਨੇ ਜਨਤਾ ਨੂੰ ਕੋਰੋਨਾ ਮਹਾਂਮਾਰੀ ਦੇ ਚੱਲਦੇ ਸਿਹਤ ਵਿਭਾਗ ਦੇ ਵਲੰਟੀਅਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਹਾਈ ਰਿਸਕ ਏਰੀਏ ਦੇ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਡਰਾਪਸ ਲੈਣ ਲਈ ਕਿਹਾ।