ਲੁਧਿਆਣਾ ਦਾਖਾ ਵਿਖੇ ਪਹਿਲਵਾਲ ਲਾਭ ਸਿੰਘ ਰਾਣਾ ਯਾਦਗਾਰੀ ਕਬੱਡੀ ਲੀਗ ਦਾ ਆਯੋਜਨ
ਲੁਧਿਆਣਾ ਦਾਖਾ ਵਿਖੇ ਪਹਿਲਵਾਲ ਲਾਭ ਸਿੰਘ ਰਾਣਾ ਯਾਦਗਾਰੀ ਕਬੱਡੀ ਲੀਗ ਦਾ ਆਯੋਜਨ
ਲੁਧਿਆਣਾ, (ਸੁਖਚੈਨ ਮਹਿਰਾ, ਰਾਮ ਰਾਜਪੂਤ) – ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਹਾਈਟੈਕ ਸਪੋਰਟਸ ਪਾਰਕ, ਦਾਖਾ ਵਿਖੇ ਪਹਿਲਵਾਨ ਲਾਭ ਸਿਘ ਰਾਣਾ ਯਾਦਗਾਰੀ ਇੱਕ ਦਿਨਾਂ ਪੇਂਡੂ ਕਬੱਡੀ ਲੀਗ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਕਬੱਡੀ ਲੀਗ ਵਿੱਚ ਲੜਕਿਆਂ ਦੀਆਂ 12 (ਓਪਨ ਦੀਆਂ) ਟੀਮਾਂ ਨੇ ਭਾਗ ਲਿਆ ਜਦਕਿ ਲੜਕੀਆਂ ਦੀਆਂ ਵੀ 4 ਟੀਮਾਂ ਸ਼ਾਮਲ ਸਨ।
ਸ੍ਰੀ ਬਿੰਦਰਾ ਵੱਲੋ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੀ ਜਵਾਨੀ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ੇ ਤੋਂ ਦੂਰ ਰਹਿਣ ਅਤੇ ਵੱਧ ਤੋ ਵੱਧ ਖੇਡਾਂ ਵਿੱਚ ਹਿੱਸਾ ਲੈਣ, ਕਿਉਂਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸਨੇ ਰਾਸ਼ਟਰੀ ਪੱਧਰ ਦੇ ਨਾਮਵਰ ਖਿਡਾਰੀ ਪੈਦਾ ਕੀਤੇ ਹਨ।
ਇਸ ਮੌਕੇ ਉਨ੍ਹਾਂ ਨਾਲ ਏ.ਸੀ.ਪੀ. ਸ੍ਰੀ ਰਾਜ ਕੁਮਾਰ ਚੌਧਰੀ, ਸਾਬਕਾ ਏ.ਡੀ.ਸੀ.ਪੀ. ਸ੍ਰੀ ਸਤੀਸ਼ ਮਲਹੋਤਰਾ, ਕਾਂਗਰਸੀ ਆਗੂ ਸ੍ਰੀ ਡਿੰਪਲ ਰਾਣਾ, ਜਨਰਲ ਸਕੱਤਰ ਯੂਥ ਕਾਂਗਰਸ ਸ੍ਰੀ ਤਜਿੰਦਰ ਸਿੰਘ ਚਾਹਲ, ਸ੍ਰੀ ਰਾਜੇਸ਼ ਰਾਣਾ ਅਤੇ ਸ੍ਰ.ਮੇਜ਼ਰ ਸਿੰਘ ਦੇਤਵਾਲ ਤੇ ਹੋਰ ਹਾਜ਼ਰ ਸਨ।
ਉਨ੍ਹਾ ਅੱਗੇ ਕਿਹਾ ਕਿ ਕੁੱਝ ਸਾਲ ਪਹਿਲਾਂ ਲੋਕਾਂ ਤੋਂ ਅਕਸਰ ਸੁਣਿਆ ਜਾਂਦਾ ਸੀ ਕਿ ਪੰਜਾਬ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ, ਉਸਦੀ ਤੁਲਨਾ ‘ਚ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਕੀਤੇ ਉਪਰਾਲਿਆਂ ਸਦਕਾ ਨਸ਼ੇ ‘ਤੇ ਕਾਫੀ ਹੱਦ ਤਕ ਕਾਬੂ ਪਾ ਲਿਆ ਗਿਆ ਹੈ। ਚੇਅਰਮੈਨ ਬਿੰਦਰਾ ਵੱਲੋ ਪੱਤਰਕਾਰਾਂ ਦੇ ਸੁਆਲ ਦਾ ਜਵਾਬ ਦਿੰਦਿਆਂ ਕਿਹਾ ਕਿ ਯੂਥ ਡਿਵੈਲਪਮੈਂਟ ਬੋਰਡ ਨੌਜਵਾਨਾਂ ਦੀ ਭਲਾਈ ਅਣਥੱਕ ਮਿਹਨਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਆਉਣ ਵਾਲੇ 2 ਮਹੀਨਿਆਂ ਵਿੱਚ ਪੂਰੇ ਸੂਬੇ ਵਿੱਚ ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆ, ਜਿਸ ਵਿੱਚ ਕ੍ਰਿਕਟ, ਫੁੱਟਬਾਲ ਅਤੇ ਵਾਲੀਵਾਲ ਆਦਿ ਦੀਆਂ ਕਿੱਟਾਂ ਸ਼ਾਮਲ ਹਨ। ਉਨ੍ਹਾ ਆਂਕੜੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਕੋਲ ਕਰੀਬ 13500 ਦੇ ਕਰੀਬ ਯੂਥ ਕਲੱਬ ਰਜਿਸਟਰਡ ਹਨ, ਜਿਨ੍ਹਾਂ ਨੂੰ ਇਹ ਸਪੋਰਟਸ ਕਿੱਟਾਂ ਵੰਡੀਆਂ ਜਾਣੀਆਂ ਹਨ।
ਇਸ ਮੌਕੇ ਕਲੱਬ ਮੈਬਰ ਜੇ.ਪੀ.ਸਿੰਘ, ਸਤਿੰਦਰ ਪਾਲ ਰਾਣਾ, ਅਸ਼ਵਨੀ ਠਾਕੁਰ, ਜਸਵਿੰਦਰ ਕਾਲਾ, ਸੱਤੀ (ਜਿਉਲਰਜ), ਗਗਨਦੀਪ ਸਿੰਘ ਮੁਲਾਂਪੁਰ ਵੱਲੋਂ ਚੇਅਰਮੈਨ ਬਿੰਦਰਾ ਦਾ ਸਨਮਾਨ ਕੀਤਾ।