15 ਅਕਤੂਬਰ ਨੂੰ ਆਰ.ਐਸ.ਐਸ. ਦੇ ਮੋਗਾ ਦਫਤਰ ਦਾ ਘਿਰਾਓ ਹੋਵੇਗਾ -ਔਲਖ
15 ਅਕਤੂਬਰ ਨੂੰ ਆਰ.ਐਸ.ਐਸ. ਦੇ ਮੋਗਾ ਦਫਤਰ ਦਾ ਘਿਰਾਓ ਹੋਵੇਗਾ -ਔਲਖ
ਮੋਗਾ/ਧਰਮਕੋਟ ( ਰਵਿੰਦਰ ਗਿੱਲ ) ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 15 ਅਕਤੂਬਰ ਨੂੰ ਆਰ.ਐਸ.ਐਸ. ਦੇ ਦਫਤਰ ਦੇ ਘਿਰਾਓ ਕਰਨ ਦੀਆਂ ਤਿਆਰੀਆਂ ਵਜੋਂ ਪਿੰਡ ਪੰਡੋਰੀ ਅਤੇ ਰੇੜ੍ਹਵਾਂ ਵਿੱਚ ਵਿਦਿਆਰਥੀ ਨੌਜਵਾਨਾ ਦੀ ਮੀਟਿੰਗ ਕੀਤੀ ਗਈ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਆਰਡੀਨੈਂਸ ਪਾਸ ਕੀਤੇ ਗਏ ਨੇ ,ਉਹ ਸਿਰਫ਼ ਕਿਸਾਨ ਵਿਰੋਧੀ ਨਹੀਂ ਹਨ ਇਹ ਹਰੇਕ ਤਬਕੇ ਨੂੰ ਪ੍ਰਭਾਵਿਤ ਕਰੇਗਾ। ਮੋਦੀ ਸਰਕਾਰ ਲੋਕਾਂ ਦੇ ਹਿੱਤਾਂ ਨੂੰ ਅਣਗੌਲਿਆ ਕਰ ਕੇ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਲਈ ਇਹ ਕਾਨੂੰਨ ਲੈ ਕੇ ਆਈ ਹੈ। ਜਿਸ ਵਿੱਚ ਕਾਰਪੋਰੇਟ ਘਰਾਣਿਆਂ ਦੇ ਸੀਲੋ ਖੋਲ੍ਹ ਕੇ ਮੰਡੀਕਰਨ ਦੇ ਸਿਸਟਮ ਨੂੰ ਭੰਗ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਅਤੇ ਕਾਰਪੋਰੇਟ ਸੈਕਟਰ ਨੂੰ ਖੇਤੀ ਵਿੱਚ ਸਿੱਧੇ ਨਿਵੇਸ਼ ਲਈ ਸੱਦਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਚ ਜ਼ਖੀਰੇਬਾਜ਼ੀ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ ਜਿਨ੍ਹਾਂ ਤਹਿਤ ਕੋਈ ਵੀ ਕਾਰਪੋਰੇਟ ਸਰਮਾਏਦਾਰ ਜ਼ਰੂਰੀ ਵਸਤਾਂ ਦੀ ਜ਼ਖੀਰੇਬਾਜ਼ੀ ਕਰਕੇ ਮੰਡੀ ਵਿਚ ਇਸਨੂੰ ਆਪਣੇ ਮਰਜ਼ੀ ਦੇ ਭਾਅ ਵੇਚ ਕੇ ਵੀ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਜਾਵੇਗੀ । ਦੂਜੇ ਪਾਸੇ ਜਥੇਬੰਦੀ ਆਰ ਐਸ ਐਸ ਦੇ ਇਸ਼ਾਰੇ ਤੇ ਬੀਜੇਪੀ ਵੱਲੋਂ ਦੇਸ਼ ਨੂੰ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਸਮੇਤ ਸਰਕਾਰ ਖ਼ਿਲਾਫ਼ ਉਠਣ ਵਾਲੀ ਹਰ ਆਵਾਜ਼ ਨੂੰ ਦੇਸ਼ ਧਰੋਹੀ ਗਰਦਾਨਿਆ ਜਾ ਰਿਹਾ ਹੈ , ਪਾਕਿਸਤਾਨ ਚਲੇ ਜਾਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਹਿੰਦੂ ਰਾਸ਼ਟਰ ਬਣਾਉਂਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ । ਯੂਪੀ ਦੇ ਹਾਥਰਸ ਵਿਖੇ ਦਲਿਤ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਆਰ ਐਸ ਐਸ ਅਤੇ ਬੀ ਜੇ ਪੀ ਦੇ ਗੁੰਡੇ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਦੇ ਪੱਖ ਵਿੱਚ ਮੁਜ਼ਾਹਰਾ ਕਰਦੇ ਹਨ ।ਇਸ ਲਈ ਬੀਜੇਪੀ ਅਤੇ ਆਰਐਸਐਸ ਦਾ ਵਿਰੋਧ ਹੋਣਾ ਲਾਜ਼ਮੀ ਹੈ। ਜਿਸ ਤਹਿਤ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ 15 ਅਕਤੂਬਰ ਨੂੰ ਮੋਗਾ ਵਿਖੇ ਆਰ ਐਸ ਐਸ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਅੰਮ੍ਰਿਤ ਸਿੰਘ, ਨਵਰੀਨ ਸਿੰਘ, ਸੇਵਕ ਸਿੰਘ ਅਤੇ ਕਿਸਾਨ ਆਗੂ ਸਾਰਜ ਸਿੰਘ ਪੰਡੋਰੀ ਆਦਿ ਹਾਜ਼ਰ ਸਨ।