ਸਵੱਛ ਸਰਵੇਖਣ-2020 ਚ ਲੁਧਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਸਵੱਛ ਸਰਵੇਖਣ-2020 ਚ ਲੁਧਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਲੁਧਿਆਣਾ, ( ਰਾਮ ਰਾਜਪੂਤ,ਸੁਖਚੈਨ ਮਹਿਰਾ ) ਲੁਧਿਆਣਾ ਸ਼ਹਿਰ ਨੂੰ ਸਵੱਛ ਸਰਵੇਖਣ-2020 ਪੁਰਸਕਾਰ ਦੌਰਾਨ ‘ਬੈਸਟ ਬਿੱਗ ਇਨ ਸਿਟੀ ਇੰਨੋਵੇਸ਼ਨ ਅਤੇ ਬੈਸਟ ਪ੍ਰੈਕਟਿਸਿਸ’ ਤਹਿਤ ਲੁਧਿਆਣਾ ਸ਼ਹਿਰ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਜਿਹੜੀ ਕਿ ਲੁਧਿਆਣਾ ਵਾਸੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਜਿਸਦਾ ਸਿਹਰਾ ਨਗਰ ਨਿਗਮ ਦੇ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਜਾਂਦਾ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਨਗਰ ਨਿਗਮ ਦੇ ਮੇਅਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਨੂੰ ਵਧਾਈ ਦਿੰਦਿਆਂ ਦਿੱਤੀ ਸ੍ਰੀ ਆਸ਼ੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਨਅਤੀ ਸ਼ਹਿਰ ਲੁਧਿਆਣਾ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕੀਤਾ ਜਾ ਰਿਹਾ ਹੈ, ਜਿਸਦੇ ਤਹਿਤ ਕਈ ਮਹੱਤਵਪੂਰਨ ਪ੍ਰੋਜੈਕਟ ਜਿਵੇਂ ਕਿ ਧਾਂਦਰਾ ਕਲੱਸਟਰ, ਰੱਖ ਬਾਗ ਵਿਖੇ ਇੰਡੋਰ ਸਵਿੰਮਿੰਗ ਪੂਲ, ਘੁਮਾਰ ਮੰਡੀ ਮਾਰਕੀਟ, ਨੈਸ਼ਨਲ ਰੋਡ ਤੋਂ ਇਲਾਵਾ ਸ਼ਹਿਰ ਵਿੱਚਲੀਆਂ ਕਈ ਹੋਰ ਸੜ੍ਹਕਾਂ ਨੂੰ ਸਮਾਰਟ ਰੋਡ ਵਜੋਂ ਵਿਕਸਤ ਕਰਨਾ, ਸ਼ਹਿਰ ‘ਚ ਕਈ ਥਾਂਵਾਂ ‘ਤੇ ਲਈਅਰ ਵੈਲੀਆਂ ਦੀ ਉਸਾਰੀ, ਕਾਰਕਸ ਯੂਟੀਲਾਈਜੇਸ਼ਨ ਪਲਾਂਟ ਪਿੰਡ ਨੂਰਪੁਰ ਵਿਖੇ, ਸਰਕਾਰੀ ਸਕੂਲਾਂ ਅਤੇ ਕਾਲਜ਼ਾਂ ‘ਤੇ ਸੋਲਰ ਨੈਟ ਮੀਟਿਰਿੰਗ ਸਿਸਟਮ ਲਗਾਉਣਾ, ਪੱਖੋਵਾਲ ਰੋਡ ‘ਤੇ ਪੁੱਲ ਅਤੇ ਅੰਡਰ-ਪਾਸ ਦੀ ਉਸਾਰੀ, ਸਿੱਧਵਾਂ ਨਹਿਰ ਵਾਟਰ ਫਰੰਟ ਪ੍ਰੋਜੈਕਟ ਦੀ ਉਸਾਰੀ ਤੋ ਇਲਾਵਾ ਕਈ ਹੋਰ ਵਿਕਾਸ ਪ੍ਰੋਜੈਕਟ ਉਸਾਰੀ ਅਧੀਨ ਹਨ ਅਤੇ ਕਈ ਹੋਰ ਨਵੇਂ ਪ੍ਰੋਜੈਕਟ ਬਹੁਤ ਜਲਦ ਸ਼ੁਰੂ ਹੋਣ ਵਾਲੇ ਹਨ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਸ਼ਹਿਰ ਦੇ ਸੁੰਦਰੀਕਰਨ ਅਤੇ ਵਿਕਾਸ ਦੇ ਕੰਮਾਂ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਲਗਾਤਾਰ ਯਤਨ ਸ਼ੁਰੂ ਕੀਤੇ ਜਾ ਚੁੱਕੇ ਹਨ, ਜਿਸ ਸਦਕਾ ਪੰਜਾਬ ਜਲਦ ਹੀ ਵਿਕਾਸ ਦੀਆਂ ਲੀਹਾਂ ‘ਤੇ ਦੌੜੇਗਾ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਸ਼ੁਰੂ ਕੀਤੇ ਗਏ ਕੰਮਾਂ ਦੇ ਵੇਰਵੇ ਬਾਰੇ ਜਾਣਕਾਰੀ ਦਿੰਦਿਆਂ ਕਾਮਨਾ ਕੀਤੀ ਕਿ ਲੋਕਾਂ ਦੇ ਸਹਿਯੋਗ ਨਾਲ ਸੂਬਾ ਜਲਦ ਹੀ ਆਰਥਿਕ ਤੌਰ ‘ਤੇ ਆਪਣੇ ਪੈਰਾਂ ਸਿਰ ਹੋ ਜਾਵੇਗਾ।
ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਨੇ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੁਧਿਆਣਾ ਸ਼ਹਿਰ ਸਵੱਛ ਸਰਵੇਖਣ-2020 ਪੁਰਸਕਾਰ ਦੌਰਾਨ ‘ਬੈਸਟ ਬਿੱਗ ਇਨ ਸਿਟੀ ਇੰਨੋਵੇਸ਼ਨ’ ਅਤੇ ਬੈਸਟ ਪ੍ਰੈਕਟਿਸਿਸ ਤਹਿਤ ਲੁਧਿਆਣਾ ਸ਼ਹਿਰ ਨੂੰ ਪਹਿਲਾ ਸਥਾਨ ਨਗਰ ਨਿਗਮ ਲੁਧਿਆਣਾ ਦੇ ਸਫਾਈ ਸੇਵਕਾਂ ਦੀ ਅਣਥੱਕ ਮਿਹਨਤ, ਅਫ਼ਸਰਾਂ ਦੀ ਯੋਗ ਅਗਵਾਈ, ਨਗਰ ਨਿਗਮ ਦੇ ਹਾਊਸ ਅਤੇ ਸ਼ਹਿਰ ਵਾਸੀਆਂ ਦੇ ਭਰਪੂਰ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਭਵਿੱਖ ਵੀ ਅਸੀਂ ਸਾਰੇ ਲੁਧਿਆਣਾ ਵਾਸੀ, ਟੀਮ ਨਗਰ ਨਿਗਮ ਲੁਧਿਆਣਾ ਅਤੇ ਅਧਿਕਾਰੀਆਂ ਦੀ ਮਿਹਨਤ ਸਦਕਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਯੋਗ ਅਗੁਵਾਈ ਹੇਠ ਲੁਧਿਆਣਾ ਸ਼ਹਿਰ ਨੂੰ ਸਵੱਛਤਾ ਸਰਵੇਖਣ-2021 ਦੀਆਂ ਹੋਰ ਕੈਟਾਗਰੀਆਂ ਵਿੱਚ ਅੱਗੇ ਲਿਆਉਣ ਲਈ ਹੋਰ ਅਣਥੱਕ ਮਿਹਨਤ ਕਰਾਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਦੀ ਧਰਮ ਪਤਨੀ ਅਤੇ ਨਗਰ ਨਿਗਮ ਕੌਸਲਰ ਸ੍ਰੀਮਤੀ ਮਮਤਾ ਆਸ਼ੂ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਨਗਰ ਨਿਗਮ ਸੰਯੁਕਤ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ, ਸਾਬਕਾ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੇ.ਪੀ. ਬਰਾੜ, ਸ੍ਰ.ਜਰਨੈਲ ਸਿੰਘ, ਐਮ.ਆਈ.ਐਸ., ਸੀਨੀਅਰ ਸਹਾਇਕ ਇੰਜੀਨੀਅਰ ਸ੍ਰ.ਹਰਪਾਲ ਸਿੰਘ ਔਜਲਾ ਵੀ ਹਾਜ਼ਰ ਸਨ।