ਕਲਾ ਹੀ ਮੁਰਦਾ ਰੂਹਾਂ ਨੂੰ ਨਵਾਂ ਜੀਵਨ ਬਖਸ਼ਦੀ ਹੈ – ਹਰਮਨਪ੍ਰੀਤ ਕੌਰ
ਕਲਾ ਹੀ ਮੁਰਦਾ ਰੂਹਾਂ ਨੂੰ ਨਵਾਂ ਜੀਵਨ ਬਖਸ਼ਦੀ ਹੈ – ਹਰਮਨਪ੍ਰੀਤ ਕੌਰ
ਬਠਿੰਡਾ, ( ਸੱਤਪਾਲ ਮਾਨ ) :– ਅਖਬਾਰਾਂ ਦੀ ਰੱਦੀ ਕਦੇ ਮੈਂ ਸੁਟੀ ਨਹੀਂ , ਨਾ ਹੀ ਕਦੇ ਮੈਂ ਵੇਚੀ ਹੈ ਅਤੇ ਨਾ ਹੀ ਮੈਂ ਕਦੇ ਇਸਨੂੰ ਮਚਾਇਆ ਹੈ। ਇਹ ਰੱਦੀ ਮੇਰੇ ਲਈ ਬਹੁਤ ਮਹੱਤਵ ਰੱਖਦੀ ਹੈ। ਜਿਸਤੋਂ ਮੈਂ ਬਹੁਤ ਕਲਾ ਕ੍ਰਿਤਾਂ ,ਜਿਵੇਂ ਕਿ ਵੱਖ – ਵੱਖ ਤਰ੍ਹਾਂ ਦੇ ਰੰਗ ਬਿਰੰਗੇ ਫੁੱਲ ਬਣਾਉਣੇ, ਗਲਦਸਤੇ ਤਿਆਰ ਕਰਨੇ, ਫੋਟੋ ਫ੍ਰੇਮ ਬਣਾਉਣ ਤੋ ਇਲਾਵਾ ਹੋਰ ਵੀ ਅਨੇਕਾਂ ਸਾਜੋ – ਸਮਾਨ ਤਿਆਰ ਕਰਦੀ ਹਾਂ, ਤੇ ਫੇਰ ਇਹ ਮੇਰੀਆਂ ਕਲਾ – ਕ੍ਰਿਤਾ ਸਾਡੇ ਘਰ ਦਾ ਸ਼ਿੰਗਾਰ ਬਣਦੀਆਂ ਹਨ । ਘਰ ਆਉਣ – ਜਾਣ ਵਾਲੇ ਇਨ੍ਹਾਂ ਨੂੰ ਦੇਖਕੇ ,ਜਦ ਮੇਰੀ ਤਾਰੀਫ਼ ਕਰਦੇ ਹਨ, ਤਾਂ ਮੇਰਾ ਹੋਰ ਵੀ ਉਤਸ਼ਾਹ ਵੱਧਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ, ਜਿਲ੍ਹਾਂ ਬਠਿੰਡਾ ਦੇ ਪਿੰਡ ਲਹਿਰਾਂ ਮੁਹੱਬਤ ਦੀ ਜੰਮਪਲ ਹਰਮਨਪ੍ਰੀਤ ਕੌਰ ਨੇ। ਹਰਮਨਪ੍ਰੀਤ ਨੇ ਅੱਜ ਤੋਂ 16 ਵਰ੍ਹੇ ਪਹਿਲਾਂ ਪਿਤਾ ਹਰਪ੍ਰੀਤ ਸਿੰਘ ਦੇ ਘਰ ਅਤੇ ਮਾਤਾ ਸਿਮਰਪਾਲ ਕੌਰ ਦੀ ਕੁੱਖੋਂ ਜਨਮ ਲਿਆ। ਜਿਸਨੇ ਇਸ ਵਾਰ ਗੁਰੂ ਰਾਮਦਾਸ ਪਬਲਿਕ ਸਕੂਲ ਲਹਿਰਾ ਮੁਹੱਬਤ ਤੋਂ ਦੱਸਵੀਂ ਕਲਾਸ ਦੇ ਇਮਤਿਹਾਨ ਦਿੱਤੇ ਹਨ। ਹਰਮਨਪ੍ਰੀਤ ਨੇ ਦੱਸਿਆ ਕਿ ਕਲਾ ਨਾਲ ਮੇਰਾ ਲਗਾਓ ਬਚਪਨ ਤੋ ਹੀ ਹੋ ਗਿਆ ਸੀ। ਜਿਸ ਵਿੱਚ ਮੇਰੀ ਅਧਿਆਪਿਕਾ ਨਵਜੋਤ ਕੌਰ ਨੇ ਮੈਨੂੰ ਸਮੇਂ – ਸਮੇਂ ਸਿਰ ਹੌਸਲਾ ਦਿੰਦਿਆਂ ਕਈ ਮੁਕਾਬਲਿਆਂ ਵਿੱਚ ਜਾਣ ਲਈ ਪ੍ਰੇਰਿਆ। ਇਨ੍ਹਾਂ ਮੁਕਾਬਲਿਆਂ ਵਿੱਚ ਮੈਂ ਅਨੇਕਾਂ ਇਨਾਮ ਪ੍ਰਾਪਤ ਕੀਤੇ। ਹਰਮਨਪ੍ਰੀਤ ਨੇ ਇਸ ਮੌਕੇ ਆਪਣੇ ਹੱਥੀਂ ਤਿਆਰ ਕੀਤੀਆਂ ਕਈ ਕਲਾ ਕ੍ਰਿਤਾਂ ਵੀ ਦਿਖਾਈਆ। ਜੋ ਕਿ ਹੈਰਾਨ ਕਰਨ ਵਾਲੀਆਂ ਸਨ। ਉਸਨੇ ਦੱਸਿਆ ਕਿ ਇਸ ਵਿੱਚ ਮੈਂ ਬੁਰਸ਼, ਪਾਣੀ ਵਾਲੇ ਰੰਗ ਅਤੇ ਫੈਬੀਕੋਲ ਦਾ ਇਸਤੇਮਾਲ ਕਰਦੀ ਹਾਂ। ਉਸਦਾ ਟੀਚਾ ਹੈ ਕਿ ਉਹ ਆਪਣੀਆਂ ਇਨ੍ਹਾਂ ਕਲਾ – ਕ੍ਰਿਤਾ ਰਾਹੀਂ ਆਪਣੀ ਇੱਕ ਆਰਟ ਗੈਲਰੀ ਦੀ ਸਥਾਪਨਾ ਕਰਨੀ ਚਾਹੀਦੀ ਹੈ। ਤਾਂਕਿ ਉਸਨੂੰ ਦੇਖਣ ਵਾਲਿਆਂ ਵਿੱਚ ਵੀ ਇਸ ਕਲਾ ਦੀ ਚਿਨ੍ਹਗ ਲੱਗ ਸਕੇ। ਇਨ੍ਹਾਂ ਦਿਨਾਂ ਦੌਰਾਨ ਲਾਕਡਾਉਨ ਦੇ ਚੱਲਦਿਆਂ , ਉਹ ਕਹਿੰਦੀ ਹੈ ਕਿ ਸਕੂਲ ਬੰਦ ਰਹਿਣ ਕਾਰਣ ਮੈਂ ਆਪਣਾ ਸਮਾਂ ਬਰਬਾਦ ਨਾ ਕਰਦੀ ਹੋਈ , ਮੈਂ ਆਪਣੀ ਇਸ ਕਲਾ ਵਿੱਚ ਹੋਰ ਨਿਖਾਰ ਲਿਆਵਾਂਗੀ। ਖੁਦਾਂ ਕਰੇ ਉਸਦੀ ਕਲਾ ਨੂੰ ਹੋਰ ਬੂਰ ਲੱਗੇ।