ਸੰਕਟ ਦੀ ਘੜੀ ਵਿੱਚ ਸਰਕਾਰ ਦੇ ਨਾਲ ਸਮੂਹ ਜਥੇਬੰਦੀਆਂ ਵੀ ਲੋੜਵੰਦਾਂ ਦੀ ਬਾਂਹ ਫੜ੍ਹਨ – ਤ੍ਰਿਪਤ ਬਾਜਵਾ

ਸੰਕਟ ਦੀ ਘੜੀ ਵਿੱਚ ਸਰਕਾਰ ਦੇ ਨਾਲ ਸਮੂਹ ਜਥੇਬੰਦੀਆਂ ਵੀ ਲੋੜਵੰਦਾਂ ਦੀ ਬਾਂਹ ਫੜ੍ਹਨ – ਤ੍ਰਿਪਤ ਬਾਜਵਾ
ਬਟਾਲਾ, ( ਚਰਨਦੀਪ ਬੇਦੀ) – ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਮੂਹ ਸਮਾਜਿਕ, ਧਾਰਮਿਕ, ਵਪਾਰਕ, ਸਨਅਤੀ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਖਿਲਾਫ ਲੜ੍ਹੀ ਲਾ ਰਹੀ ਲੜ੍ਹਾਈ ਵਿੱਚ ਰਾਜ ਸਰਕਾਰ ਨਾਲ ਮੋਢਾ ਜੋੜ ਕੇ ਕੰਮ ਕਰਨ। ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆਂ ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸਮੁੱਚੀ ਮਾਨਵਤਾ ਅਤਿ ਗੰਭੀਰ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਹੀ ਹੈ ਅਤੇ ਪੰਜਾਬ ਸਰਕਾਰ ਨੇ ਇਸ ਸੰਕਟ ’ਚੋਂ ਨਿਕਲਣ ਲਈ ਆਪਣੀ ਤਾਕਤ ਝੋਕੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਆਫਤ ਦੀ ਸਭ ਤੋਂ ਵੱਡੀ ਮਾਰ ਉਨ੍ਹਾਂ ਗਰੀਬ ਦਿਹਾੜੀਵਾਰ ਪਰਿਵਾਰਾਂ ਉੱਤੇ ਪੈ ਰਹੀ ਹੈ ਜਿਨ੍ਹਾਂ ਨੇ ਦਿਨੇ ਕਮਾ ਕੇ ਸ਼ਾਮ ਨੂੰ ਆਪਣੇ ਟੱਬਰ ਦੇ ਜੀਆਂ ਦਾ ਢਿੱਡ ਭਰਨਾ ਹੁੰਦਾ ਹੈ। ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਸੂਬੇ ਦੇ ਗਰੀਬ ਅਤੇ ਲੋੜਵੰਦ ਵਰਗ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਪਰ ਫਿਰ ਵੀ ਵੀ ਜੇ ਕੋਈ ਲੋੜਵੰਦ ਵਿਅਕਤੀ ਰਹਿ ਜਾਂਦਾ ਹੈ ਤਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਜਿਹੇ ਵਿਅਕਤੀਆਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ-ਫ਼ਕੀਰਾਂ ਅਤੇ ਰਿਸ਼ੀਆਂ-ਮੁਨੀਆਂ ਦੀ ਧਰਤੀ ਹੈ ਜਿਨ੍ਹਾਂ ਨੇ ਸਾਨੂੰ ਹਰ ਗਰੀਬ ਅਤੇ ਲੋੜਵਮਦ ਦੀ ਇਮਦਾਦ ਕਰਨ ਦੀ ਗੁੜਤੀ ਦਿੱਤੀ ਹੋਈ ਹੈ। ਇਸ ਲਈ ਸਾਡਾ ਸਭ ਦਾ ਪਰਮ-ਧਰਮ ਹੈ ਕਿ ਇਸ ਬਿਪਤਾ ਦੀ ਘੜੀ ਵਿੱਚ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਦਿਲ ਖੋਲ੍ਹ ਕੇ ਮਦਦ ਕਰੀਏ। ਸ. ਬਾਜਵਾ ਨੇ ਸਾਰੀਆਂ ਪੰਚਾਇਤਾਂ, ਮੰਦਰਾਂ, ਮਸਜ਼ਿਦਾਂ, ਗਿਰਜਾ ਘਰਾਂ, ਗੁਰਦੁਆਰਿਆਂ ਦੇ ਪ੍ਰਬੰਧਕਾਂ, ਸਮਾਜ ਸੇਵੀ ਸੰਸਥਾਵਾਂ, ਸਵੈ-ਸਹਾਇਤਾ ਸਮੂਹਾਂ, ਮਹਿਲਾ ਮੰਡਲਾਂ ਅਤੇ ਨੌਜਵਾਨਾਂ ਦੇ ਕਲੱਬਾਂ ਨੂੰ ਪੁਰਜ਼ੋਰ ਬੇਨਤੀ ਕੀਤੀ ਹੈ ਕਿ ਅਸੀਂ ਆਪਣੇ-ਆਪਣੇ ਪਿੰਡ ਅਤੇ ਮੁਹੱਲੇ ਦੀ ਜਿੰਮੇਵਾਰੀ ਸਾਂਭੀਏ। ਉਨ੍ਹਾਂ ਕਿਹਾ ਕਿ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਕਿਸੇ ਵੀ ਪਿੰਡ ਵਿੱਚ ਇੱਕ ਵੀ ਜੀਅ ਭੁੱਖਾ ਨਾ ਸੌਂਵੇ, ਕੋਈ ਦਵਾਈ ਤੋਂ ਵਾਂਝਾ ਨਾ ਰਹੇ ਅਤੇ ਇੱਕ ਵੀ ਨੰਨਾ ਬੱਚਾ ਦੁੱਧ ਤੋਂ ਬਿਨਾਂ ਨਾ ਰਹੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਹਿਲਕਦਮੀ ਕਰਦਿਆਂ ਲੋੜਵੰਦਾਂ ਦੇ ਪਰਿਵਾਰਾਂ ਕੋਲ ਆਟਾ, ਦਾਲ, ਖੰਡ, ਚਾਹ ਪੱਤੀ ਵਰਗਾ ਸੁੱਕਾ ਰਾਸ਼ਨ, ਦੁੱਧ ਅਤੇ ਨਿੱਤ ਵਰਤੋਂ ਦੀਆਂ ਜਰੂਰੀ ਵਸਤਾਂ ਪਹੁੰਚਦੀਆਂ ਕਰੀਏ। ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦਾ ਪੂਰਨ ਵਿਸ਼ਾਵਾਸ਼ ਹੈ ਕਿ ਗਰੀਬ ਅਤੇ ਲੋੜਵੰਦ ਦੀ ਮਦਦ ਹੀ ਅਸਲ ਵਿੱਚ ਰੱਬ ਦੀ ਇਬਾਦਾ ਹੈ। ਇਸ ਔਖੀ ਘੜੀ ਵਿੱਚ ਗਰੀਬਾਂ ਅਤੇ ਲੋੜਵੰਦਾਂ ਲਈ ਖਰਚਿਆ ਗਿਆ ਇੱਕ ਰੁਪਿਆ ਵੀ ਪ੍ਰਾਮਤਮਾ ਤੁਹਾਨੂੰ ਲੱਖਾਂ ਕਰਕੇ ਵਾਪਸ ਮੋੜੇਗਾ। ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਦੀ ਜਿੰਮੇਵਾਰੀ ਨਿਭਾਉਂਦਿਆਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਡਾਕਟਰੀ ਮਾਹਿਰਾਂ ਵਲੋਂ ਦਰਸਾਈਆਂ ਜਾ ਰਹੀਆਂ ਸਾਰੀਆਂ ਸਾਵਦਾਨੀਆਂ ਦੀ ਪੂਰੀ ਤਰਾਂ ਪਾਲਣਾ ਕੀਤੀ ਜਾਵੇ। ਕਿਤੇ ਹਜ਼ੂਮ ਇਕੱਠਾ ਨਾ ਕੀਤਾ ਜਾਵੇ। ਇਹ ਸੇਵਾ ਕਰਨ ਲਈ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਪਾਸ ਲਏ ਜਾ ਸਕਦੇ ਹਨ। ਸ. ਬਾਜਵਾ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਸਾਰਿਆਂ ਨੂੰ ਸਬਰ ਸੰਤੋਖ ਤੋਂ ਕੰਮ ਲੈਂਦੇ ਹੋਏ ਆਪਸੀ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਅਜਿਹੇ ਯਤਨਾ ਸਦਕਾ ਹੀ ਅਸੀਂ ਇਸ ਆਫ਼ਤ ਉੱਪਰ ਜਲਦ ਹੀ ਜਿੱਤ ਪਾ ਲਵਾਂਗੇ।

Share the News

Lok Bani

you can find latest news national sports news business news international news entertainment news and local news