ਜਿਲ੍ਹੇ ਦੀ ਤਹਿਸੀਲ ਚ ਖੱਜਲ-ਖੁਆਰ ਹੋ ਰਹੇ ਹਨ ਲੋਕ …….
ਜਿਲ੍ਹੇ ਦੀ ਤਹਿਸੀਲ ਚ ਖੱਜਲ-ਖੁਆਰ ਹੋ ਰਹੇ ਹਨ ਲੋਕ ………
ਖਰੜ ( ਪੰਕਜ ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਪੈਂਦੇ ਪਟਵਾਰ ਸਰਕਲਾਂ ‘ਚੋਂ ਪਟਵਾਰੀਆਂ ਵਲੋਂ ਵਾਧੂ 40 ਪਟਵਾਰ ਸਰਕਲਾਂ ਦੇ ਚਾਰਜ ਛੱਡਣ ਤੋਂ ਬਾਅਦ ਪਿਛਲੇ 10 ਦਿਨਾ ਤੋਂ 140 ਪਿੰਡਾਂ ਦੇ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਿਤ ਕੰਮਕਾਰ ਕਰਵਾਉਣ ਲਈ ਜ਼ਿਲ੍ਹੇ ਦੀਆਂ ਤਹਿਸੀਲਾਂ ਵਿਚ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਕਿਉਂਕਿ ਹਰ ਇਕ ਪਟਵਾਰ ਸਰਕਲ ਵਿਚ 3-4 ਪਿੰਡ ਸ਼ਾਮਿਲ ਹਨ | ਜ਼ਿਲ੍ਹੇ ਦੇ 140 ਪਿੰਡਾਂ ਦੇ ਵਸਨੀਕ ਆਪਣੇ ਬੱਚਿਆਂ ਦੇ ਜਾਤੀ, ਪੰਜਾਬ ਰਿਹਾਇਸ਼ੀ ਸਰਟੀਫਿਕੇਟ, ਓ.ਬੀ.ਸੀ. ਸਰਟੀਫਿਕੇਟ, ਭਾਰ ਮੁਕਤ ਸਰਟੀਫਿਕੇਟ, ਜ਼ਮੀਨਾਂ ਦੀਆਂ ਨਿਸ਼ਾਨਦੇਹੀ, ਬੈਂਕਾਂ ਤੋਂ ਆਡ ਰਹਿਣ ਕਰਵਾਉਣ ਅਤੇ ਪਹਿਲਾਂ ਲਿਆ ਹੋਇਆ ਕਰਜ਼ਾ ਵਾਪਸ ਕਰਕੇ ਐੱਨ.ਓ.ਸੀ. ਜਾਰੀ ਕਰਵਾਉਣ ਸਮੇਤ ਹੋਰ ਕੰਮਾਂ ਲਈ ਜਦੋਂ ਉਹ ਤਹਿਸੀਲ ਦਫ਼ਤਰਾਂ ਵਿਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਜਿਹੜੇ ਵਾਧੂ ਪਟਵਾਰ ਸਰਕਲਾਂ ਦਾ ਚਾਰਜ ਦੂਸਰੇ ਹਲਕੇ ਦੇ ਪਟਵਾਰੀਆਂ ਨੂੰ ਦਿੱਤਾ ਹੋਇਆ ਸੀ, ਉਹ ਉਨ੍ਹਾਂ ਵਲੋਂ ਛੱਡ ਦਿੱਤਾ ਗਿਆ ਹੈ ਅਤੇ ਉਹ ਹਲਕੇ ਖਾਲੀ ਪਏ ਹਨ, ਜਿਸ ਕਾਰਨ ਉਨ੍ਹਾਂ ਦੇ ਕੰਮ ਨਹੀਂ ਹੋ ਰਹੇ | ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ, ਜਸਵਿੰਦਰ ਸਿੰਘ ਸਰਪੰਚ ਮਦਨਹੇੜੀ, ਗੁਰਿੰਦਰ ਸਿੰਘ ਮਹਿਮੂਦਪੁਰ, ਤਜਿੰਦਰ ਸਿੰਘ ਮਲਕਪੁਰ, ਸੁਖਜਿੰਦਰ ਸਿੰਘ ਨਿਆਮੀਆਂ, ਪਿ੍ਤਪਾਲ ਸਿੰਘ, ਨਰੇਸ਼ ਕੁਮਾਰ, ਵਰਿੰਦਰ ਸਿੰਘ ਚੋਲਟਾ ਸਮੇਤ ਹੋਰਨਾਂ ਨੇ ਦੱਸਿਆ ਕਿ ਅੱਜ ਆਪਣੇ-ਆਪਣੇ ਪਟਵਾਰ ਸਰਕਲਾਂ ਦੇ ਪਟਵਾਰੀਆਂ ਪਾਸ ਕੰਮ ਕਰਵਾਉਣ ਲਈ ਗਏ ਤਾਂ ਅੱਗੋਂ ਪਤਾ ਲੱਗਾ ਕਿ ਉਨ੍ਹਾਂ ਦੇ ਪਟਵਾਰ ਸਰਕਲਾਂ ਵਿਚ ਪਟਵਾਰੀ ਵਲੋਂ ਪਹਿਲਾਂ ਹੀ ਚਾਰਜ ਛੱਡਿਆ ਜਾ ਚੁੱਕਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਅੱਜ ਬਿਨਾਂ ਆਪਣੇ ਕੰਮਕਾਰ ਖਾਲੀ ਹੱਥ ਮੁੜਨਾ ਪਿਆ | ਉਨ੍ਹਾਂ ਦੱਸਿਆ ਕਿ ਉਹ ਅੱਜ ਇਸ ਮਾਮਲੇ ਸਬੰਧੀ ਖਰੜ ਦੇ ਤਹਿਸੀਲਦਾਰ ਨੂੰ ਮਿਲੇ ਸਨ | ਇਸ ਸਬੰਧੀ ਤਹਿਸੀਲਦਾਰ ਖਰੜ ਮਨਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਵਾਧੂ ਪਟਵਾਰ ਸਰਕਲ ਜਿਨ੍ਹਾਂ ਦਾ ਪਟਵਾਰੀਆਂ ਵਲੋਂ ਚਾਰਜ ਛੱਡ ਦਿੱਤਾ ਗਿਆ ਸੀ, ਉਸ ਸਬੰਧੀ ਪਹਿਲਾਂ ਹੀ ਜ਼ਿਲ੍ਹਾ ਮਾਲ ਅਫ਼ਸਰ ਐੱਸ. ਏ. ਐੱਸ. ਨਗਰ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ