ਅਕਾਲੀ ਦਲ ਨੇ ਮਨਪ੍ਰੀਤ ਬਾਦਲ ਤੇ ਲਾਏ ਦੋਸ਼ ……….
ਅਕਾਲੀ ਦਲ ਨੇ ਮਨਪ੍ਰੀਤ ਬਾਦਲ ਤੇ ਲਾਏ ਦੋਸ਼ ……….
ਚੰਡੀਗੜ ( ਪੰਕਜ ) -ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਮੁਆਵਜ਼ਾ ਮੰਗਣ ਤੋਂ ਪਹਿਲਾਂ ਕਾਂਗਰਸ ਸਰਕਾਰ ਨੂੰ ਹੜ੍ਹਾਂ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਕੇਂਦਰ ਸਰਕਾਰ ਕੋਲ ਭੇਜਣਾ ਚਾਹੀਦਾ ਹੈ ਨਾ ਕਿ ਆਪਣੀਆਂ ਨਾਕਾਮੀਆਂ ਲੁਕੋਣ ਲਈ ਸਿਆਸਤ ਕਰਨੀ ਚਾਹੀਦੀ ਹੈ ਅਤੇ ਨਾ ਹੀ ਸਾਰਾ ਦੋਸ਼ ਕੇਂਦਰ ਸਰਕਾਰ ਸਿਰ ਮੜ੍ਹਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਇਹ ਕਹਿ ਰਹੇ ਹਨ ਕਿ ਕੇਂਦਰ ਸਰਕਾਰ ਨੇ ਆਫ਼ਤ ਪ੍ਰਬੰਧਨ ਤਹਿਤ ਫ਼ੰਡ ਜਾਰੀ ਕਰਨ ਲਈ ਪ੍ਰਵਾਨਗੀ ਨਹੀਂ ਦਿੱਤੀ ਹੈ | ਉਨ੍ਹਾਂ ਕਿਹਾ ਕਿ ਜਦ ਕਿ ਅਸਲੀਅਤ ਇਹ ਹੈ ਕਿ ਕਾਂਗਰਸੀ ਮੰਤਰੀ ਨੇ ਗਿਰਦਾਵਰੀ ਰਾਹੀਂ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਮੁਆਵਜ਼ਾ ਲੈਣ ਵਾਸਤੇ ਕੇਸ ਹੀ ਕੇਂਦਰ ਸਰਕਾਰ ਕੋਲ ਨਹੀਂ ਭੇਜਿਆ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕੀਤੀ ਇਸ ਵੱਡੀ ਲਾਪ੍ਰਵਾਹੀ ਦੇ ਬਾਵਜੂਦ ਕੇਂਦਰ ਸਰਕਾਰ ਨੇ ਪੰਜਾਬ ਨੂੰ ਹੜ੍ਹ-ਪ੍ਰਭਾਵਿਤ ਸੂਬਿਆਂ ਦੀ ਸੂਚੀ ਵਿਚ ਪਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੈਂ ਵਿੱਤ ਮੰਤਰੀ ਨੂੰ ਮਸ਼ਵਰਾ ਦੇਣਾ ਚਾਹਾਂਗਾ ਕਿ ਉਹ ਇਸ ਤਰ੍ਹਾਂ ਦੇ ਗੈਰਸੰਜੀਦਾ ਬਿਆਨ ਜਾਰੀ ਨਾ ਕਰੇ ਕਿ ਸੜਕਾਂ ਟੁੱਟ ਗਈਆਂ ਹੋਣੀਆਂ, ਬੁਨਿਆਦੀ ਢਾਂਚਾ ਤਬਾਹ ਹੋ ਗਿਆ ਹੋਣਾ ਹੈ | ਇਸ ਦੀ ਥਾਂ ਉਹ ਹੋਏ ਨੁਕਸਾਨ ਦਾ ਜਾਇਜ਼ਾ ਲਵੇ ਤਾਂ ਕਿ ਸੂਬੇ ਨੂੰ ਆਫ਼ਤ ਪ੍ਰਬੰਧਨ ਤਹਿਤ ਫ਼ੰਡ ਮਿਲ ਸਕਣ | ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਕੱਲ੍ਹ ਮਨਪ੍ਰੀਤ ਨੇ ਹੜ੍ਹ ਪੀੜਤ ਲੋਕਾਂ ਦੀਆਂ ਤਕਲੀਫ਼ਾਂ ਬਾਰੇ ਆਪਣੀ ਲਾਪ੍ਰਵਾਹੀ ਦਾ ਮੁਜ਼ਾਹਰਾ ਕੀਤਾ ਸੀ, ਹੁਣ ਇਹ ਉਸ ਉੱਤੇ ਪਰਦਾ ਪਾਉਣਾ ਨਾਕਾਮ ਕੋਸ਼ਿਸ਼ ਹੈ | ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਸਰਕਾਰ ਨੇ ਅਜੇ ਕੱਲ੍ਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਆਪਣੇ ਚਾਰ ਮੰਤਰੀਆਂ ਨੂੰ ਤਾਇਨਾਤ ਕੀਤਾ ਹੈ ਜਦਕਿ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਪਿਛਲੇ ਇਕ ਹਫ਼ਤੇ ਤੋਂ ਹੜ੍ਹ ਪੀੜਤਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦੌਰਾਨ ਕਾਂਗਰਸ ਸਰਕਾਰ ਕਿਧਰੇ ਨਜ਼ਰ ਨਹੀਂ ਆਈ | ਡਾ. ਚੀਮਾ ਨੇ ਕਿਹਾ ਕਿ ਵਿੱਤ ਮੰਤਰੀ ਨੂੰ ਆਪਣੀ ਅਤੇ ਆਪਣੀ ਸਰਕਾਰ ਦੀ ਨਾਲਾਇਕੀ ਦਾ ਦੋਸ਼ ਕੇਂਦਰ ਸਰਕਾਰ ਸਿਰ ਨਹੀਂ ਮੜ੍ਹਨਾ ਚਾਹੀਦਾ ਅਤੇ ਸ. ਮਨਪ੍ਰੀਤ ਸਿੰਘ ਬਾਦਲ ਨੂੰ ਸੰਕਟ ਦੀ ਘੜੀ ਵਿਚ ਮੱਦਦ ਲਈ ਨਾ ਬਹੁੜਨ ਵਾਸਤੇ ਹੜ੍ਹ ਪੀੜਤਾਂ ਤੋਂ ਮੁਆਫ਼ੀ ਮੰਗੇ