ਸਰਕਾਰ ਦਾ ਇਹ ਹਸਪਤਾਲ ਖੁਦ ਬਿਮਾਰ ਹੈ …..
ਸਰਕਾਰ ਦਾ ਇਹ ਹਸਪਤਾਲ ਖੁਦ ਬਿਮਾਰ ਹੈ …..
ਬੰਗਾ ( ਸੁਖਿੰਦਰ ) ਸਰਕਾਰੀ ਹਸਪਤਾਲਾਂ ਵਿਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਲੇਕਿਨ ਇਹ ਦਾਅਵੇ ਉਸ ਸਮੇਂ ਖੋਖਲੇ ਸਾਬਤ ਹੰੁਦੇ ਹਨ ਜਦੋਂ ਸਟਾਫ ਦੀ ਘਾਟ ਕਾਰਨ ਹਸਪਤਾਲਾਂ ਵਿਚ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ | ਬੰਗਾ ਦੇ ਕਮਿਊਨਟੀ ਸਿਹਤ ਕੇਂਦਰ ‘ਚ ਇਸ ਸਮੇਂ ਬੱਚਿਆਂ ਦਾ, ਅੱਖਾਂ ਦਾ, ਹੱਡੀਆਂ ਦਾ ਕੋਈ ਡਾਕਟਰ ਨਹੀਂ ਹੈ | ਹਸਪਤਾਲ ਦੀ ਮੋਰਚਰੀ ਫਰੀਜਰ ਸਹੀ ਨਾ ਹੋਣ ਕਰਕੇ ਬੰਦ ਪਈ ਹੈ | ਹਸਪਤਾਲ ਦੀ ਐਾਬੂਲੈਂਸ ਲਈ ਵੀ ਕੋਈ ਪੱਕਾ ਡਰਾਇਵਰ ਨਹੀਂ ਹੈ | ਇਹ ਹਸਪਤਾਲ ਅਪਗ੍ਰੇਡ ਹੋਣ ਦੀ ਬਜਾਏ ਨਿਵਾਣ ਵੱਲ ਜਾ ਰਿਹਾ ਹੈ | ਇਸ ਹਸਪਤਾਲ ਦਾ 1981 ਵਿਚ 50 ਬਿਸਤਰਿਆਂ ਦਾ ਨੀਂਹ ਪੱਥਰ ਸਰਦਾਰੀ ਲਾਲ ਕਪੂਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਚੌਧਰੀ ਜਗਤ ਰਾਮ ਸਾਬਕਾ ਸਮਾਜ ਭਲਾਈ ਮੰਤਰੀ ਨੇ ਰੱਖਿਆ ਸੀ | ਪ੍ਰੰਤੂ ਬਾਅਦ ਵਿਚ ਇਸ ਨੂੰ ਸਿਵਲ ਹਸਪਤਾਲ ਤੋਂ ਕਮਿਊਨਿਟੀ ਸੈਂਟਰ ਦਾ ਦਰਜਾ ਦੇ ਦਿੱਤਾ | ਹਸਪਤਾਲ ਨੂੰ ਅਪਗ੍ਰੇਡ ਕਰਨ ਦਾ ਮੁੜ ਉਦਘਾਟਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡਾ: ਬਲਦੇਵ ਰਾਜ ਚਾਵਲਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ 18 ਅਗਸਤ ਸੰਨ 2000 ਨੂੰ ਕੀਤਾ | ਇਸ ਸਮੇਂ 30 ਬਿਸਤਰਿਆਂ ਦਾ ਹਸਪਤਾਲ ਚੱਲ ਰਿਹਾ ਹੈ ਜੋ ਡਾਕਟਰਾਂ ਦੀ ਘਾਟ ਕਾਰਨ ਖ਼ੁਦ ਹੀ ਬਿਮਾਰ ਹੈ | ਇਸ ਹਸਪਤਾਲ ‘ਚ ਜੱਚਾ ਬੱਚਾ ਕੇਂਦਰ, ਡਾਇਲਸਿਸ ਕੇਂਦਰ, ਨਸ਼ਾ ਛਡਾਊ ਓਟ ਸੈਂਟਰ ਅਤੇ ਬਲੱਡ ਬੈਂਕ ਦੀਆਂ ਸੇਵਾਵਾਂ ਲੋਕਾਂ ਨੂੰ ਮਿਲ ਰਹੀਆਂ ਹਨ | ਇਹ ਹਸਪਤਾਲ ਅਜੇ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈ | ਗਾਇਨੀ ਵਿਭਾਗ ਦੀ ਵੀ ਇੱਕ ਹੀ ਡਾਕਟਰ ਹੈ ਜੋ ਸਿਰਫ ਹਸਪਤਾਲ ਵਿਚ ਤਿੰਨ ਦਿਨ ਆਉਂਦੀ ਹੈ ਬਾਕੀ ਦਿਨ ਮਰੀਜਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ ਜਾਂ ਪ੍ਰਾਈਵੇਟ ਹਸਪਤਾਲਾਂ ਦਾ ਸਹਾਰਾ ਲੈਣਾ ਪੈਂਦਾ ਹੈ | ਹਸਪਤਾਲ ਦੀ ਬਲੱਡ ਬੈਂਕ ਵਿਚ ਤਿੰਨ ਟੈਕਨੀਸ਼ੀਅਨਾਂ ਦੀ ਲੋੜ ਹੈ ਪਰ ਇਕ ਹੀ ਟੈਕਨੀਸ਼ੀਅਨ ਉਪਲੱਬਧ ਹੈ | ਜਨਰਲ ਲੈਬ ਵਿਚ ਵੀ ਤਿੰਨ ਟੈਕਨੀਸ਼ੀਅਨਾਂ ਦੀ ਲੋੜ ਹੈ ਉੱਥੇ ਵੀ ਇੱਕ ਹੀ ਟੈਕਨੀਸ਼ੀਅਨ ਕੰਮ ਸਾਰ ਰਿਹਾ ਹੈ | ਹੋਮਿਓਪੈਥੀ ਦਾ ਇਕ ਹੀ ਡਾਕਟਰ ਹੈ ਉਸਦੀ ਵੀ ਅੱਧਾ ਦਿਨ ਡਿਊਟੀ ਬਲਾਚੌਰ ਲਗਾਈ ਹੋਈ ਹੈ | ਹਸਪਤਾਲ ‘ਚ ਤਿੰਨ ਫਾਰਮਾਸਿਸਟ ਦੀ ਪੋਸਟ ਹੈ ਪਰ ਇੱਕ ਹੀ ਫਾਰਮਾਮਿਸਟ ਹੈ ਉਹ ਵੀ ਡੈਪੂਟੇਸ਼ਨ ‘ਤੇ ਕੰਮ ਕਰਦੀ ਹੈ | ਹਸਪਤਾਲ ‘ਚ ਦਾਖਲ ਆਸ਼ਾ ਰਾਣੀ ਅਤੇ ਹੋਰ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਸਪਤਾਲ ‘ਚ ਉਨ੍ਹਾਂ ਨੂੰ ਬਹੁਤੀਆਂ ਦਵਾਈਆਂ ਨਹੀਂ ਮਿਲਦੀਆਂ ਜੋ ਕਿ ਬਾਹਰ ਮੈਡੀਕਲ ਸਟੋਰਾਂ ਤੋਂ ਮਹਿੰਗੇ ਰੇਟਾਂ ‘ਤੇ ਲੈਣੀਆਂ ਪੈ ਰਹੀਆਂ ਹਨ | ਹਸਪਤਾਲ ਵਿਚ ਪਿਛਲੇ ਡਿਪਟੀ ਕਮਿਸ਼ਨਰ ਕ੍ਰਿਸ਼ਨ ਕੁਮਾਰ ਵਲੋਂ ਖੋਲਿ੍ਹਆ ਰੈੱਡ ਕਰਾਸ ਦਾ ਮੈਡੀਕਲ ਸਟੋਰ ਵੀ ਇਸ ਸਮੇਂ ਬੰਦ ਹੈ | ਹਸਪਤਾਲ ਦੇ ਸ਼ਹੀਦ ਭਗਤ ਪਾਰਕ ਦੀ ਵੀ ਮੰਦੀ ਹਾਲਤ ਹੈ | ਜਦੋਂ ਇਸ ਸਬੰਧੀ ਸਾਡੀ ਟੀਮ ਨੇ ਹਸਪਤਾਲ ਦੇ ਡਾਕਟਰ ਹਰਜਿੰਦਰ ਸਿੰਘ ਹੋਮਿਓਪੈਥੀ ਮੈਡੀਕਲਅਫਸਰ ਨੇ ਆਖਿਆ ਕਿ ਉਨ੍ਹਾਂ ਦੀ 2 ਦਿਨ ਡਿਊਟੀ ਬਲਾਚੌਰ ਹੁੰਦੀ ਹੈ | ਉਨ੍ਹਾਂ ਕਿਹਾ ਇਥੇ ਪੂਰਾ ਹਫ਼ਤਾ ਡਿਊਟੀ ਹੋਣੀ ਚਾਹੀਦੀ ਹੈ ਤੇ ਕਲਾਸ ਫੋਰ ਮੁਲਾਜ਼ਮ ਵੀ ਪੂਰੇ ਹੋਣੇ ਚਾਹੀਦੇ ਹਨ | ਹਰਮੇਸ਼ ਲਾਲ ਲੈਬ ਟੈਕਨੀਸ਼ੀਅਨ ਦੇ ਦੱਸਿਆ ਕਿ ਲੈਬੋਰੇਟਰੀ ਵਿਚ ਦੋ ਲੈਬ ਟੈਕਨੀਸ਼ਨਾਂ ਤੇ ਸਟਾਫ ਦੀ ਘਾਟ ਹੈ | ਡਾ: ਮਨਜੀਤ ਸਿੰਘ ਇੰਚਾਰਜ ਓਟ ਸੈਂਟਰ ਨੇ ਦੱਸਿਆ ਨਸ਼ਾ ਛੁਡਾਊ ਮੁਹਿੰਮ ਨੂੰ ਭਰਵਾਂ ਹੁੰਘਾਰਾ ਮਿਲ ਰਿਹਾ ਹੈ | ਡਾ: ਜਸਵਿੰਦਰ ਸਿੰਘ ਐਮ.ਡੀ. ਤੇ ਪਿ੍ਤਪਾਲ ਸਿੰਘ ਸਰਜਨ ਨੇ ਆਖਿਆ ਕਿ ਐਮਰਜੈਂਸੀ ਮੈਡੀਕਲ ਅਫ਼ਸਰ ਦੀ ਜਰੂਰਤ ਹੈ | ਦੱਸ ਦਈਏ ਕਿ ਇਸ ਹਸਪਤਾਲ ਵਿਚ ਨਸ਼ਾ ਛੁਡਾਊ ਕੇਂਦਰ ਜ਼ਰੂਰ ਹੈ ਜੋ ਲੋਕਾਂ ਲਈ ਵਰਦਾਨ ਬਣਿਆ ਹੋਇਆ ਹੈ ਜਿੱਥੇ ਹਰ ਰੋਜ਼ 165 ਦੇ ਕਰੀਬ ਨਸ਼ੇ ਦੇ ਮਰੀਜ਼ ਇਲਾਜ ਕਰਵਾਉਣ ਲਈ ਆਉਂਦੇ ਹਨ |