ਭਾਰਤ ਦੀ ਸਭ ਤੋਂ ਤੇਜ਼ ਰੇਲਗੱਡੀ ਨੂੰ ਇੱਕ ਦਿਨ ਵਿੱਚ ਹੀ ਲੱਗੀਆਂ ਬਰੇਕਾਂ
ਭਾਰਤ ਦੀ ਪਹਿਲੀ ਸੈਮੀ ਹਾਈ ਸਪੀਡ ਰੇਲ ‘ਵੰਦੇ ਭਾਰਤ ਐਕਸਪ੍ਰੈਸ’ ਵਿੱਚ ਅੱਜ ਸਵੇਰੇ ਦੋ ਵਾਰ ਗੜਬੜੀ ਆ ਗਈ। ਰੇਲ ਵਾਰਾਣਸੀ ਤੋਂ ਦਿੱਲੀ ਵਾਪਸ ਆ ਰਹੀ ਸੀ। ਪਹਿਲੀ ਘਟਨਾ ਉੱਤਰ ਪ੍ਰਦੇਸ਼ ਦੇ ਟੁੰਡਲਾ ਜੰਕਸ਼ਨ ਤੋਂ ਕਰੀਬ 15 ਕਿਲੋਮੀਟਰ ਦੂਰ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪਹੀਆਂ ਦੇ ਤਿਲ੍ਹਕਣ ਦਾ ਮਾਮਲਾ ਹੈ। ਰੇਲਵੇ ਦੀ ਮਹਿਲਾ ਬੁਲਾਰਾ ਸਮਿਤਾ ਵਤਸ ਸ਼ਰਮਾ ਨੇ ਕਿਹਾ ਕਿ ਕਿਸੇ ਪਸ਼ੂ ਦੇ ਸਾਹਮਣੇ ਆ ਜਾਣ ਕਰਕੇ ਘਟਨਾ ਵਾਪਰੀ। ਰੇਲ ਰਾਤ ਵੇਲੇ ਵਾਪਸ ਆ ਰਹੀ ਸੀ ਤੇ ਸੰਭਾਵਨਾ ਹੈ ਕਿ ਰਾਤ ਵੇਲੇ ਰੇਲ ਦੇ ਸਾਹਮਣੇ ਪਸ਼ੂ ਆ ਗਏ ਸੀ।
ਸੂਤਰਾਂ ਮੁਤਾਬਕ ਟੁੰਡਲਾ ਦੇ ਨਜ਼ਦੀਕ ਕਰੀਬ ਇੱਕ ਘੰਟੇ ਤੋਂ ਵੱਧ ਸਮੇਂ ਲਈ ਰੇਲ ਰੁਕੀ ਰਹੀ। ਰੇਲ ਵਿੱਚ ਕਈ ਪੱਤਰਕਾਰ ਸਵਾਰ ਸਨ। ਉੱਤਰੀ ਰੇਲਵੇ ਦੇ ਸੀਪੀਆਰਓ ਦੀਪਕ ਕੁਮਾਰ ਨੇ ਕਿਹਾ ਕਿ ਇਹ ਪਸ਼ੂ ਸਾਹਮਣੇ ਆਉਣ ਦਾ ਮਾਮਲਾ ਹੈ ਜਿਸ ਦੀ ਵਜ੍ਹਾ ਕਰਕੇ ਪਹੀਏ ਤਿਲ੍ਹਕਣ ਵਿੱਚ ਦਿੱਕਤ ਆਈ।
ਸੂਤਰਾਂ ਨੇ ਦੱਸਿਆ ਕਿ ਪਹਿਲੀ ਘਟਨਾ ਬਾਅਦ ਸਵੇਰੇ ਕਰੀਬ ਸਵਾ ਅੱਠ ਵਜੇ ਫਿਰ ਤੋਂ ਦਿੱਲੀ ਲਈ ਰੇਲ ਚਲਾਈ ਗਈ ਪਰ 40 ਮਿੰਟ ਬਾਅਦ ਹਾਥਰਸ ਜੰਕਸ਼ਨ ’ਤੇ ਫਿਰ ਤੋਂ ਗੜਬੜੀ ਆ ਗਈ। ਇਸ ਪਿੱਛੋਂ ਸਵੇਰੇ 10:20 ਮਿੰਟ ’ਤੇ ਮੁੜ ਰੇਲ ਸੇਵਾ ਬਹਾਲ ਕੀਤੀ ਗਈ। ਹੁਣ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਰੇਲ ਚੱਲ ਰਹੀ ਹੈ। ਦੱਸ ਦੇਈਏ ਕੇ ਪੀਐਮ ਮੋਦੀ ਨੇ ਕੱਲ੍ਹ ਹੀ ਇਸ ਰੇਲ ਨੂੰ ਹਰੀ ਝੰਡੀ ਵਿਖਾਈ ਸੀ।