ਅਚਾਨਕ ਬਰੇਕਾਂ ਫ਼ੇਲ੍ਹ ਹੋਣ ਕਾਰਨ ਬਸ ਪਲਟੀ ਕਈ ਸ਼ਰਧਾਲੂ ਜਖਮੀ ….
ਅਚਾਨਕ ਬਰੇਕਾਂ ਫ਼ੇਲ੍ਹ ਹੋਣ ਕਾਰਨ ਬਸ ਪਲਟੀ ਕਈ ਸ਼ਰਧਾਲੂ ਜਖਮੀ ….
ਖੁਰਾਲਗੜ੍ਹ ਸਾਹਿਬ ਵਿਖੇ ਦਰਸ਼ਨਾਂ ਲਈ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੋਹਾ ਦੀਆਂ ਸੰਗਤਾਂ ਦੀਆਂ ਚਾਰ ਬੱਸਾਂ ਗੁਰੂ ਘਰ ਵਿਖੇ ਦਰਸ਼ਨ ਕਰਕੇ ਵਾਪਸ ਜਾ ਰਹੀਆਂ ਸਨ | ਇਨ੍ਹਾਂ ਬੱਸਾਂ ਵਿਚੋਂ ਇਕ ਬੱਸ ਨੰ: ਪੀ.ਬੀ.13 ਡਬਲਿਊ 8312 ਨੂੰ ਉਸ ਸਮੇਂ ਹਾਦਸਾ ਪੇਸ਼ ਆ ਗਿਆ ਜਦੋਂ ਬੱਸ ਦੀਆਂ ਅਚਾਨਕ ਬਰੇਕਾਂ ਫ਼ੇਲ੍ਹ ਹੋ ਗਈਆਂ | ਹਾਦਸਾਗ੍ਰਸਤ ਬੱਸ ਵਿਚ 22 ਸਵਾਰ ਸਨ | ਘਟਨਾ ਬਾਰੇ ਜਾਣਕਾਰੀ ਦਿੰਦਿਆਂ ਬੱਸ ਦੇ ਡਰਾਈਵਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸੰਗਤਾਂ ਨੂੰ ਲੈ ਕੇ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਆਇਆ ਸੀ | ਜਦੋਂ ਗੁਰੂ ਘਰ ਵਿਖੇ ਦਰਸ਼ਨ ਕਰਕੇ ਸੰਗਤਾਂ ਨਾਲ ਵਾਪਸ ਜਾਣ ਲਗੇ ਤਾਂ ਗੁਰੂ ਘਰ ਤੋਂ ਥੋੜੀ ਦੂਰੀ ‘ਤੇ ਹੀ ਅਚਾਨਕ ਬੱਸ ਦੀ ਬਰੇਕ ਫ਼ੇਲ੍ਹ ਹੋ ਗਈ | ਸਿੱਟੇ ਵਜੋਂ ਬੱਸ ਬੇਕਾਬੂ ਹੋ ਕੇ ਪਲਟ ਗਈ | ਉਨ੍ਹਾਂ ਦੱਸਿਆ ਕਿ ਹਾਦਸਾਗ੍ਰਸਤ ਬੱਸ ਵਿਚੋਂ 14 ਸ਼ਰਧਾਲੂਆਂ ਦੇ ਸੱਟਾਂ ਲੱਗੀਆਂ | ਇਨ੍ਹਾਂ ਵਿਚੋਂ 7 ਗੰਭੀਰ ਜ਼ਖਮੀਆਂ ਨੂੰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਐਾਬੂਲੈਂਸ ਰਾਹੀਂ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖ਼ਲ ਕਰਵਾਇਆ ਗਿਆ, ਜਦੋਂ ਕਿ ਬਾਕੀ ਸ਼ਰਧਾਲੂਆਂ ਨੂੰ ਪਿੰਡ ਬਾਥੜੀ ਵਿਖੇ ਮੁੱਢਲੀ ਸਹਾਇਤਾ ਕਰਵਾਉਣ ਉਪਰੰਤ ਉਨ੍ਹਾਂ ਨੂੰ ਦੂਸਰੀਆਂ ਬੱਸਾਂ ਵਿਚ ਰਵਾਨਾ ਕਰ ਦਿੱਤਾ ਗਿਆ | ਜ਼ਖਮੀਆਂ ਦੀ ਪਹਿਚਾਣ ਰਤਨ ਸਿੰਘ, ਅਵਤਾਰ ਸਿੰਘ, ਕਿਰਨ ਪਾਲ ਕੌਰ, ਸੁਖਵਿੰਦਰ ਕੌਰ, ਸੁਖਪ੍ਰੀਤ ਕੌਰ, ਜਸਦੇਵ ਸਿੰਘ ਅਤੇ ਸੁਖਵਿੰਦਰ ਸਿੰਘ ਸਾਰੇ ਵਾਸੀ ਬੋਹਾ ਤਹਿਸੀਲ ਸਮਰਾਲਾ ਵਜੋਂ ਹੋਈ ਹੈ | ਜਦੋਂ ਕਿ ਮਾਮੂਲੀ ਸੱਟਾਂ ਲੱਗਣ ਵਾਲੇ ਸ਼ਰਧਾਲੂਆਂ ਵਿਚ ਜਤਿੰਦਰ ਸਿੰਘ, ਅਮਰਪਾਲ ਸਿੰਘ, ਦਿਲਪ੍ਰੀਤ ਸਿੰਘ, ਡੋਗਰ ਸਿੰਘ, ਕੀਰਤੀ ਪਾਲ ਸਿੰਘ, ਦਰਸ਼ਨ ਸਿੰਘ ਤੇ ਕੁਲਵਿੰਦਰ ਸਿੰਘ ਦੇ ਨਾਂਅ ਸ਼ਾਮਲ ਹਨ | ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਘਰ ਭੇਜ ਦਿੱਤਾ ਗਿਆ