ਫੋਕਲ ਪੁਆਇੰਟ ’ਚ ਬਰਸਾਤੀ ਨਾਲੇ ਉੱਤੇ ਨਾਜਾਇਜ਼ ਕਬਜ਼ੇ ਦਾ ਦੋਸ਼
ਡੇਰਾਬੱਸੀ: ਮੁਬਾਰਿਕਪੁਰ ਸੜਕ ’ਤੇ ਸਥਿਤ ਫੋਕਲ ਪੁਆਇੰਟ ਉਦਯੋਗਿਕ ਖੇਤਰ ਦੇ ਫੈਕਟਰੀ ਪ੍ਰਬੰਧਕਾਂ ਨੇ ਇਕ ਕਲੋਨਾਈਜ਼ਰ ’ਤੇ ਇਥੋਂ ਲੰਘਦੇ ਬਰਸਾਤੀ ਨਾਲੇ ’ਤੇ ਨਾਜਾਇਜ਼ ਕਬਜ਼ਾ ਕਰਨ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਉਨ੍ਹਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਫੋਕਲ ਪੁਆਇੰਟ ’ਚ ਸਥਿਤ ਫੈਕਟਰੀ ਪ੍ਰਬੰਧਕਾਂ ਨੇ ਦੱਸਿਆ ਕਿ ਇਥੋਂ ਦੇ ਪਲਾਟ ਨੰਬਰ ਡੀ-48 ਅਤੇ ਡੀ-49 ਦੇ ਪਿੱਛਲੇ ਪਾਸੇ ਤੋਂ ਦਹਾਕਿਆਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੁਦਰਤੀ ਨਾਲਾ ਲੰਘ ਰਿਹਾ ਹੈ। ਇਹ ਨਾਲਾ ਬਰਸਾਤ ਦੇ ਮੌਸਮ ਵਿੱਚ ਸਥਾਨਕ ਫੋਕਲ ਪੁਆਇੰਟ ਸਮੇਤ ਨੇੜਲੇ ਕਈਂ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਂਦਾ ਹੈ। ਮੀਂਹ ਦੇ ਦਿਨਾਂ ਵਿੱਚ ਇਸ ਨਾਲੇ ਵਿੱਚੋਂ ਪਿੱਛੋਂ ਕਾਫੀ ਪਾਣੀ ਆਉਂਦਾ ਹੈ।
ਇਸ ਤੋਂ ਇਲਾਵਾ ਨਾਲੇ ਵਿੱਚ ਆਮ ਦਿਨਾਂ ਵਿੱਚ ਪਾਣੀ ਦਾ ਨਿਕਾਸ ਹੁੰਦਾ ਰਹਿੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਇਸ ਦੇ ਨੇੜੇ ਇਕ ਕਲੋਨਾਈਜ਼ਰ ਵੱਲੋਂ ਇੰਡਸਟਰੀਅਲ ਪਲਾਟ ਕੱਟੇ ਗਏ ਹਨ ਅਤੇ ਨਾਲੇ ਨੂੰ ਮਿੱਟੀ ਪਾ ਕੇ ਬੰਦ ਕਰ ਦਿੱਤਾ ਗਿਆ ਹੈ। ਨਾਲਾ ਬੰਦ ਹੋਣ ਨਾਲ ਕੁਦਰਤੀ ਵਹਾਅ ਵਿੱਚ ਅੜਿੱਕਾ ਪੈਦਾ ਹੋ ਗਿਆ ਹੈ। ਇਥੇ ਪਾਣੀ ਦੀ ਨਿਕਾਸੀ ਲਈ ਛੋਟਾ ਜਿਹਾ ਪਾਈਪ ਪਾ ਦਿੱਤਾ ਗਿਆ ਹੈ ਜਦਕਿ ਬਾਕੀ ਥਾਂ ’ਤੇ ਲੈਂਟਰ ਪਾ ਕੇ ਨਾਜਾਇਜ਼ ਕਬਜ਼ਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 20-25 ਫੁੱਟ ਚੌੜੇ ਨਾਲੇ ਨੂੰ ਇੱਕ ਛੋਟੇ ਜਿਹੇ ਪਾਈਪ ’ਚ ਸਮੇਟ ਕੇ ਬਿਲਡਰ ਪੂਰੇ ਫੋਕਲ ਪੁਆਇੰਟ ਲਈ ਖਤਰਾ ਖੜ੍ਹਾ ਕਰ ਰਿਹਾ ਹੈ। ਸਥਾਨਕ ਲੋਕਾਂ ਨੇ ਖ਼ਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਨਾਲਾ ਬੰਦ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ।
ਮਾਮਲੇ ਦੀ ਜਾਂਚ ਕੀਤੀ ਜਾਵੇਗੀ: ਕਾਰਜ ਸਾਧਕ ਅਫ਼ਸਰ
ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੁਖਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਮੌਕੇ ’ਤੇ ਅਧਿਕਾਰੀ ਭੇਜ ਕੇ ਕੰਮ ਬੰਦ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਮਗਰੋਂ ਕਾਰਵਾਈ ਕੀਤੀ ਜਾਏਗੀ। ਡਰੇਨੇਜ਼ ਵਿਭਾਗ ਦੇ ਐੱਸਡੀਓ ਰਾਘਵ ਗਰਗ ਨੇ ਕਿਹਾ ਕਿ ਜਲਦੀ ਹੀ ਮੌਕੇ ਦਾ ਦੌਰਾ ਕਰਕੇ ਬਰਸਾਤੀ ਨਾਲੇ ’ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਨੂੰ ਰੋਕ ਕੇ ਕਲੋਨਾਈਜ਼ਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਕਲੋਨਾਈਜ਼ਰ ਦੇ ਅਧਿਕਾਰੀ ਪਵਨ ਛਾਬੜਾ ਨੇ ਕਿਹਾ ਕਿ ਮਜ਼ਦੂਰਾਂ ਵੱਲੋਂ ਗਲਤੀ ਨਾਲ ਗਲਤ ਥਾਂ ਪਾਈਪ ਪਾ ਦਿੱਤੇ ਗਏ ਸਨ। ਮਾਮਲਾ ਧਿਆਨ ਵਿੱਚ ਆਉਣ ਮਗਰੋਂ ਕੰਮ ਬੰਦ ਕਰਵਾ ਦਿੱਤਾ ਗਿਆ ਹੈ।