ਰੇਤ ਮਾਫ਼ੀਆ ਕਾਂਗਰਸ ਦੇ ਰਾਜ ਵਿਚ ਵੀ ਕਾਨੂੰਨ ਦੀਆਂ ਧੱਜੀਆਂ ਉੱਡਾ ਰਿਹਾ ਹੈ…….
ਰੇਤ ਮਾਫ਼ੀਆ ਕਾਂਗਰਸ ਦੇ ਰਾਜ ਵਿਚ ਵੀ ਕਾਨੂੰਨ ਦੀਆਂ ਧੱਜੀਆਂ ਉੱਡਾ ਰਿਹਾ ਹੈ…….
ਕਾਠਗੜ੍ਹ ਖੇਤਰ ਦੇ ਆਲੇ-ਦੁਆਲੇ ਦੀਆਂ ਖੱਡਾਂ ਵਿਚੋਂ ਰਾਤ ਸਮੇਂ ਰੇਤੇ ਨਾਲ ਭਰੇ ਜਾ ਰਹੇ ਟਿੱਪਰ ਜੋ ਬੇਖ਼ੌਫ ਹੋ ਕੇ ਤੇਜ਼ ਰਫ਼ਤਾਰ ਨਾਲ ਕਸਬੇ ਜਾਂ ਪਿੰਡਾਂ ਵਿਚੋਂ ਲੰਘਦੇ ਹਨ ਉਹ ਜਿੱਥੇ ਸੜਕਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ ਉੱਥੇ ਸ਼ੋਰ ਪ੍ਰਦੂਸ਼ਣ ਵਿਚ ਵੀ ਵਾਧਾ ਕਰਦੇ ਹਨ | ਮਾਈਨਿੰਗ ਦੇ ਨਾਂਅ ‘ਤੇ ਕੀਤੀ ਜਾ ਰਹੀ ਕੁਦਰਤੀ ਜ਼ਖ਼ੀਰਿਆਂ ਦੀ ਲੁੱਟ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਲੁੱਟ ਨੂੰ ਰੋਕਣ ਲਈ ਕੰਡੀ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਅਤੇ ਵਰਕਰ ਟਿੱਬਿਆਂ ਦੀ ਮਿੱਟੀ ਅਤੇ ਖੱਡਾਂ ਦੀ ਰੇਤ ਚੁੱਕਣ ਤੋਂ ਸਖ਼ਤੀ ਨਾਲ ਰੋਕਣਗੇ | ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੰਢੀ ਸੰਘਰਸ਼ ਕਮੇਟੀ ਪੰਜਾਬ ਦੇ ਮੀਤ ਪ੍ਰਧਾਨ ਮਹਾਂ ਸਿੰਘ ਰੌੜੀ ਅਤੇ ਜਨਰਲ ਸਕੱਤਰ ਕਾਮਰੇਡ ਕਰਨ ਸਿੰਘ ਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨਾਂ ਦੱਸਿਆ ਕਿ ਮਾਈਨਿੰਗ ਦੇ ਨਾਂਅ ‘ਤੇ ਅਤੇ ਸਿਆਸੀ ਪੁਸ਼ਤ-ਪਨਾਹੀ ਹੇਠ ਕੀਤੇ ਜਾ ਰਹੇ ਇਸ ਧੰਦੇ ਨੂੰ ਬੇ-ਨਕਾਬ ਕੀਤਾ ਜਾਵੇਗਾ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਲਿਆ ਕੇ ਮਿੱਟੀ ਚੁੱਕਣ ਵਾਲੀਆਂ ਥਾਵਾਂ ਦੀ ਮਿਣਤੀ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਮਿੱਟੀ ਅਤੇ ਰੇਤ ਨਾਲ ਭਰੇ ਜਾਂਦੇ ਓਵਰ ਲੋਡ ਟਿੱਪਰ ਬਗੈਰ ਤਰਪਾਲਾਂ ਤੋਂ ਟਿੱਪਰ ਸੜਕ ‘ਤੇ ਚੱਲਣ ਵਾਲੇ ਲੋਕਾਂ ਦੀਆਂ ਅੱਖਾਂ ਦਾ ਨੁਕਸਾਨ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਮਾਈਨਿੰਗ ਵਿਭਾਗ ਕੋਲੋਂ ਜੇਕਰ ਕੋਈ ਮਿੱਟੀ ਚੁੱਕਣ ਦੀ ਇਜਾਜ਼ਤ ਲੈਂਦਾ ਹੈ ਤਾਂ ਉਸ ਨੂੰ ਵਿਭਾਗ ਤਿੰਨ ਫੁੱਟ ਮਿੱਟੀ ਚੁੱਕਣ ਦੀ ਹੀ ਇਜਾਜ਼ਤ ਦਿੰਦਾ ਹੈ | ਜਦੋਂ ਕਿ ਉਪਰੋਕਤ ਦੱਸੀਆਂ ਥਾਵਾਂ ‘ਤੇ 15-15 ਫੁੱਟ ਡੂੰਘੇ ਟੋਏ ਪੈ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤੋਂ ਸਰਗਰਮ ਰੇਤ ਮਾਫ਼ੀਆ ਕਾਂਗਰਸ ਦੇ ਰਾਜ ਵਿਚ ਵੀ ਕਾਨੂੰਨ ਦੀਆਂ ਧੱਜੀਆਂ ਉੱਡਾ ਰਿਹਾ ਹੈ ਜਿਸ ਨੂੰ ਸਖ਼ਤੀ ਨਾਲ ਬੰਦ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਓਵਰ ਲੋਡ ਟਿੱਪਰਾਂ ਦਾ ਵਜ਼ਨ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਲਈ ਮਜਬੂਰ ਕਰਾਂਗੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨ ਦੇ ਬਾਅਦ ਵੀ ਅਜਿਹੇ ਹੀ ਹਾਲਾਤ ਰਹੇ ਤਾਂ ਕਸਬਾ ਕਾਠਗੜ੍ਹ ਵਿਚ ਜਾਂ ਰੋਪੜ-ਬਲਾਚੌਰ ਜੀ.ਟੀ.ਰੋੜ ‘ਤੇ ਜਾਮ ਲਗਾਇਆ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਰਣਜੀਤ ਸਿੰਘ ਰਾਣਾ, ਕਰਨੈਲ ਸਿੰਘ ਭੱਲਾ, ਕਾਮਰੇਡ ਦਰਸ਼ਨ ਸਿੰਘ ਸਮੇਤ ਕੰਢੀ ਸੰਘਰਸ਼ ਕਮੇਟੀ ਪੰਜਾਬ ਦੇ ਵਰਕਰ ਵੀ ਹਾਜ਼ਰ ਸਨ