Thursday, November 14, 2024
Breaking NewsFeaturedਅੰਤਰਰਾਸ਼ਟਰੀਸਿਹਤਧਾਰਮਿਕਪੰਜਾਬਮਨੋਰੰਜਨਮੁੱਖ ਖਬਰਾਂ

ਪੰਜਾਬ ਪੁਲਿਸ ਦੀ ਮਹਿਲਾ ਏਸੀਪੀ ਤੇ ਉਸਦਾ ਰੀਡਰ ਰਿਸ਼ਵਤ ਲੈਂਦੇ ਕਾਬੂ 

ਪੰਜਾਬ ਪੁਲਿਸ ਦੀ ਮਹਿਲਾ ਏਸੀਪੀ ਤੇ ਉਸਦਾ ਰੀਡਰ ਰਿਸ਼ਵਤ ਲੈਂਦੇ ਕਾਬੂ

ਦੂਜੀ ਕਿਸ਼ਤ ਵਜੋਂ 30,000 ਰੁਪਏ ਰਿਸ਼ਵਤ ਲੈਣ ਮੌਕੇ ਏ.ਸੀ.ਪੀ. ਲੁਧਿਆਣਾ ਤੇ ਉਸ ਦਾ ਰੀਡਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਵਿਆਹ ਸਬੰਧੀ ਝਗੜੇ ਨੂੰ ਸੁਲਝਾਉਣ ਲਈ ਪਹਿਲਾਂ ਲਏ ਸੀ 30,000 ਰੁਪਏ

ਚੰਡੀਗੜ੍ਹ, 1 ਅਗਸਤ (ਸੁਖਚੈਨ ਮਹਿਰਾ)
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਤਹਿਤ ਵੀਰਵਾਰ ਨੂੰ ਨਿਰਦੋਸ਼ ਕੌਰ, ਸਹਾਇਕ ਕਮਿਸ਼ਨਰ ਆਫ ਪੁਲਿਸ (ਏ.ਸੀ.ਪੀ.) ਵਿਮੈਨ ਸੈੱਲ, ਲੁਧਿਆਣਾ ਅਤੇ ਉਸਦੇ ਰੀਡਰ ਬੇਅੰਤ ਸਿੰਘ ਨੂੰ 30,000 ਰੁਪਏ ਰਿਸ਼ਵਤ ਲੈਣ ਦੀ ਕੋਸ਼ਿਸ਼ ਕਰਦਿਆਂ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੱਦਾ ਦੇ ਵਸਨੀਕ ਪ੍ਰਿਤਪਾਲ ਕੁਮਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਪੰਜ ਸਾਲ ਪਹਿਲਾਂ ਉਸ ਦੇ ਭਾਣਜੇ ਅਸ਼ਵਨੀ ਕੁਮਾਰ ਦਾ ਲੁਧਿਆਣਾ ਸ਼ਹਿਰ ਦੀ ਵਸਨੀਕ ਇੱਕ ਲੜਕੀ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਤਣਾਅਪੂਰਨ ਹੋ ਗਏ ਅਤੇ ਅਸ਼ਵਨੀ ਦੀ ਪਤਨੀ ਨੇ ਉਸ ਵਿਰੁੱਧ ਵਿਮੈਨ ਸੈੱਲ ਲੁਧਿਆਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ।
ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਇਸ ਸ਼ਿਕਾਇਤ ਦੀ ਪੜਤਾਲੀਆ ਕਾਰਵਾਈ ਦੌਰਾਨ ਉਕਤ ਮੁਲਜ਼ਮ ਬੇਅੰਤ ਸਿੰਘ ਰੀਡਰ ਨੇ ਉਸਦੀ ਜਾਣ-ਪਛਾਣ ਮਹਿਲਾ ਏ.ਸੀ.ਪੀ. ਨਾਲ ਕਰਵਾਈ। ਇਸ ਮੀਟਿੰਗ ਤੋਂ ਬਾਅਦ ਰੀਡਰ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਜੇਕਰ ਉਹ ਅਸ਼ਵਨੀ ਕੁਮਾਰ ਵਿਰੁੱਧ ਦਰਜ ਕਰਵਾਈ ਗਈ ਸ਼ਿਕਾਇਤ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇੱਕ ਲੱਖ ਰੁਪਏ ਰਿਸ਼ਵਤ ਦੇਣੀ ਪਵੇਗੀ ਪਰ ਸ਼ਿਕਾਇਤਕਰਤਾ ਵੱਲੋਂ ਵਾਰ-ਵਾਰ ਬੇਨਤੀ ਕਰਨ ’ਤੇ ਰੀਡਰ ਨੇ 60,000 ਰੁਪਏ ਦੀ ਰਿਸ਼ਵਤ ਬਦਲੇ ਇਹ ਕੰਮ ਕਰਵਾਉਣ ਲਈ ਹਾਮੀ ਭਰ ਦਿੱਤੀ।
ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਮਿਤੀ 29.07.2024 ਨੂੰ ਉਕਤ ਰੀਡਰ ਨੇ ਏ.ਸੀ.ਪੀ. ਦੀ ਹਾਜ਼ਰੀ ਵਿੱਚ ਪਹਿਲੀ ਕਿਸ਼ਤ ਵਜੋਂ 30,000 ਰੁਪਏ ਲੈ ਲਏ ਅਤੇ ਬਾਕੀ ਰਕਮ 01.08.2024 ਨੂੰ ਅਦਾ ਕਰਨ ਲਈ ਕਿਹਾ। ਸ਼ਿਕਾਇਤਕਰਤਾ ਨੇ ਰੀਡਰ ਅਤੇ ਏ.ਸੀ.ਪੀ ਦੁਆਰਾ 30,000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਸਬੰਧੀ ਕਰਵਾਈ ਰਿਕਾਰਡ ਕਰ ਲਈ, ਜੋ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪੀ ਦਿੱਤੀ ਸੀ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਪੁਲਿਸ ਥਾਣਾ, ਲੁਧਿਆਣਾ ਰੇਂਜ ਵਿੱਚ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਬੀਐਨਐਸ ਐਕਟ ਦੀ ਧਾਰਾ 61(2) ਦੇ ਤਹਿਤ ਐਫਆਈਆਰ ਨੰਬਰ 28 ਮਿਤੀ 1.08.2024 ਦਰਜ ਕਰ ਲਈ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ ਰਿਸ਼ਵਤ ਦੀ ਦੂਜੀ ਕਿਸ਼ਤ ਲੈਣ ਦੀ ਕੋਸ਼ਿਸ਼ ਕਰਦੇ ਹੋਏ ਦੋਵਾਂ ਪੁਲਿਸ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Share the News

Lok Bani

you can find latest news national sports news business news international news entertainment news and local news