ਨਵਜੋਤ ਸਿੱਧੂ ਦਾ ਲੁਧਿਆਣਾ ‘ਚ ਸਖ਼ਤ ਵਿਰੋਧ, ਪੋਸਟਰਾਂ ‘ਤੇ ਮਲੀ ਕਾਲਖ਼

ਲੁਧਿਆਣਾ: ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਸਿੱਧੂ ਲੁਧਿਆਣਾ ‘ਚ ਕਿਸੇ ਸਮਾਗਮ ਦਾ ਹਿੱਸਾ ਬਣਨ ਪੁੱਜੇ ਸਨ, ਪਰ ਇੱਥੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਕਾਰਕੁੰਨਾਂ ਵੱਲੋਂ ਸਖ਼ਤ ਵਿਰੋਧ ਝੱਲਣਾ ਪਿਆ। ਭਾਜਪਾ ਵਰਕਰਾਂ ਨੇ ਸਿੱਧੂ ਦੇ ਸ਼ਹਿਰ ਵਿੱਚ ਪਹੁੰਚਣ ਤੋਂ ਪਹਿਲਾਂ ਸਮਾਗਮ ਦੇ ਪੋਸਟਰਾਂ ‘ਤੇ ਕਾਲਖ਼ ਵੀ ਮਲੀ ਤੇ ਆਪਣਾ ਰੋਸ ਪ੍ਰਗਟ ਕੀਤਾ।

ਜਦ ਸਿੱਧੂ ਸਮਾਗਮ ਵਾਲੀ ਥਾਂ ‘ਤੇ ਪਹੁੰਚਣ ਵਾਲੇ ਸਨ ਤਾਂ ਭਾਜਪਾ ਯੁਵਾ ਮੋਰਚਾ ਦੇ ਕਾਰਕੁੰਨ ਪਹਿਲਾਂ ਹੀ ਹੱਥਾਂ ‘ਚ ਕਾਲੀਆਂ ਝੰਡੀਆਂ ਚੁੱਕ ਕੇ ਵਿਰੋਧ ਕਰਨ ਪਹੁੰਚ ਗਏ। ਇਸ ਹਲਚਲ ਨੂੰ ਦੇਖਦਿਆਂ ਪੁਲਿਸ ਹਰਕਤ ‘ਚ ਆਈ ਤੇ ਭਾਜਪਾ ਕਾਰਕੁਨਾਂ ਨੂੰ ਮੌਕੇ ਤੋਂ ਹਟਾਇਆ।

ਪੁਲਿਸ ਵੱਲੋਂ ਕਈ ਆਗੂਆਂ ਨੂੰ ਹਿਰਾਸਤ ‘ਚ ਵੀ ਲਿਆ ਗਿਆ ਹੈ। ਇਸ ਵਿਰੋਧ ਦੇ ਕਾਰਨ ਸਿੱਧੂ ਪ੍ਰੋਗਰਾਮ ‘ਚ ਅੱਧਾ ਕੁ ਘੰਟਾ ਲੇਟ ਵੀ ਹੋ ਗਏ। ਦਰਅਸਲ, ਵੀਰਵਾਰ ਨੂੰ ਹੋਏ ਪੁਲਵਾਮਾ ਫਿਦਾਈਨ ਹਮਲੇ ਬਾਰੇ ਨਵਜੋਤ ਸਿੱਧੂ ਆਪਣੇ ਨਰਮ ਰਵੱਈਏ ਕਰਕੇ ਅਲੋਚਨਾ ਦਾ ਸ਼ਿਕਾਰ ਹੋ ਰਹੇ ਹਨ।

Share the News