ਕਿਸਾਨ ਬਚਾਓ ਮੋਰਚਾ ਦੇ ਲਖਵਿੰਦਰ ਸਿੰਘ ਸਾਥੀਆਂ ਸਮੇਤ ਭਾਜਪਾ ਵਿੱਚ ਹੋਏ ਸ਼ਾਮਲ।

 

 

 

ਕਿਸਾਨ ਬਚਾਓ ਮੋਰਚਾ ਦੇ ਲਖਵਿੰਦਰ ਸਿੰਘ ਸਾਥੀਆਂ ਸਮੇਤ ਭਾਜਪਾ ਵਿੱਚ ਹੋਏ ਸ਼ਾਮਲ।

ਜਲੰਧਰ, ਲੋਕਬਾਣੀ : ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਕਿਸਾਨ ਬਚਾਓ ਮੋਰਚਾ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਗੌਰਤਲਬ ਹੈ ਕਿ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਇੱਕਜੁੱਟ ਹੋਏ ਸਨ, ਜਿਸ ਦੌਰਾਨ ਪੰਜਾਬ ਦੇ ਕਿਸਾਨਾਂ ਨੇ ਵੀ ਭਾਜਪਾ ਦਾ ਸਖ਼ਤ ਵਿਰੋਧ ਕੀਤਾ ਸੀ। ਕਿਸਾਨ ਬਚਾਓ ਮੋਰਚਾ ਵੀ ਉਨ੍ਹਾਂ ਵਿੱਚੋਂ ਇੱਕ ਸੀ। ਇਸ ਮੌਕੇ ਲਖਵਿੰਦਰ ਸਿੰਘ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਲੜਦੇ ਰਹੇ ਹਾਂ, ਪਰ ਅਸੀਂ ਮਹਿਸੂਸ ਕੀਤਾ ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਭਾਰਤੀ ਜਨਤਾ ਪਾਰਟੀ ਦਾ ਪਲੇਟਫਾਰਮ ਸਭ ਤੋਂ ਉੱਤਮ ਹੈ। ਉਹ ਪੰਜਾਬ ਦੇ ਹਿੱਤ ਅਤੇ ਤਰੱਕੀ ਲਈ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਭਾਰਤੀ ਜਨਤਾ ਪਾਰਟੀ ਨਾਲ ਇਮਾਨਦਾਰੀ ਨਾਲ ਕੰਮ ਕਰੇਗੀ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਅਤੇ ਨੀਤੀਆਂ ਨੂੰ ਪਿੰਡਾਂ ਵਿੱਚ ਲੋਕਾਂ ਤੱਕ ਖਾਸ ਕਰਕੇ ਕਿਸਾਨਾਂ ਤੱਕ ਲੈ ਕੇ ਜਾਵੇਗੀ ਅਤੇ ਉਹਨਾਂ ਨੂੰ ਉਹਨਾਂ ਸੰਬੰਧੀ ਜਾਗਰੁਕ ਕਰੇਗੀ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਇਸ ਮੌਕੇ ਲਖਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਭਾਜਪਾ ‘ਚ ਸਵਾਗਤ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ‘ਚ ਸਾਰਿਆਂ ਨੂੰ ਬਣਦਾ ਮਾਣ-ਸਤਿਕਾਰ ਅਤੇ ਬਰਾਬਰ ਦੇ ਮੌਕੇ ਮਿਲਦੇ ਹਨI ਭਾਜਪਾ ਪਰਿਵਾਰ ਬਹੁਤ ਵੱਡਾ ਹੈ, ਇਸ ਲਈ ਕਈ ਵਾਰ ਦੇਰੀ ਹੋ ਜਾਂਦੀ ਹੈ, ਪਰ ਜੋ ਭਾਜਪਾ ਲਈ ਸਮਰਪਿਤ ਹੋ ਕੇ ਕੰਮ ਕਰਦਾ ਹੈ, ਉਸ ਨੂੰ ਇਸ ਦਾ ਫਲ ਜ਼ਰੂਰ ਮਿਲਦਾ ਹੈ।
ਉਨ੍ਹਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਬਾਰੇ ਗੱਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਹਿੱਤ ਵਿੱਚ ਖੇਤੀ ਕਾਨੂੰਨ ਬਣਾਏ ਸਨ। ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਖੇਤੀ ਕਾਨੂੰਨ ਦੀ ਤਾਰੀਫ਼ ਕਰਦਿਆਂ ਵਿਧਾਨ ਸਭਾ ਵਿੱਚ ਇਸ ਨੂੰ ਪਾਸ ਕੀਤਾ ਸੀ। ਭਾਜਪਾ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾ) ਨੇ ਵੀ ਉਦੋਂ ਇਸ ਦੀ ਕਾਫੀ ਤਾਰੀਫ ਕੀਤੀ ਸੀ, ਪਰ ਬਾਅਦ ਵਿਚ ਇਸ ਦਾ ਸਿਆਸੀਕਰਨ ਹੋ ਗਿਆ ਅਤੇ ਸਾਰੇ ਵਿਰੋਧ ‘ਤੇ ਉਤਰ ਆਏ। ਬਾਅਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈ ਲਏ ਸਨ।

Share the News

Lok Bani

you can find latest news national sports news business news international news entertainment news and local news