ਸ਼ਿਵ ਸੈਨਾ ਨੇਤਾ ਹਰਵਿੰਦਰ ਸੋਨੀ ਤੇ ਗੁਰਦਾਸਪੁਰ ਪੁਲਿਸ ਨੇ ਕੀਤਾ ਮਾਮਲਾ ਦਰਜ
- ਸ਼ਿਵ ਸੈਨਾ ਨੇਤਾ ਹਰਵਿੰਦਰ ਸੋਨੀ ਤੇ ਗੁਰਦਾਸਪੁਰ ਪੁਲਿਸ ਨੇ ਕੀਤਾ ਮਾਮਲਾ ਦਰਜ
ਗੁਰਦਾਸਪੁਰ-ਨਵਨੀਤ ਕੁਮਾਰ ਜ਼ਿਲਾ ਗੁਰਦਾਸਪੁਰ ਦੀ ਪੁਲਿਸ ਵੱਲੋਂ ਸ਼ਿਵ ਸੈਨਾ ਦੇ ਸੂਬਾ ਮੀਤ ਪ੍ਰਧਾਨ ਹਰਵਿੰਦਰ ਸੋਨੀ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆਂ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਇਹ ਮਾਮਲਾ ਸੋਨੀ ਵੱਲੋਂ ਵਿਵਾਦਤ ਬਿਆਨ ਦੇਣ ਤੋਂ ਬਾਅਦ ਸਿੱਖ ਜਥੇਬੰਦੀਆਂ ਵਿੱਚ ਰੋਸ ਤੋਂ ਬਾਅਦ ਦਰਜ਼ ਕੀਤਾ ਗਿਆ ਹੈ। ਸੋਨੀ ਦੇ ਵਿਵਾਦਿਤ ਬਿਆਨ ਤੋਂ ਬਾਅਦ ਵੱਖ ਵੱਖ ਨਿੰਹਗ ਜੱਥੇਬੰਦੀਆ ਅਤੇ ਸਿੱਖ ਜਥੇਬੰਦੀਆਂ ਸੋਨੀ ਖਿਲਾਫ਼ ਮਾਮਲਾ ਦਰਜ਼ ਕਰਨ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਕੱਲ ਤੋਂ ਲਗਾਤਾਰ ਐਸਐਸਪੀ ਦਫਤਰ ਦੇ ਬਾਹਰ ਧਰਨੇ ਤੇ ਸਨ। ਜਿਸ ਤੋਂ ਬਾਅਦ ਪੁਲਿਸ ਵੱਲੋ ਜ਼ਿਲਾ ਅਟਾਰਨੀ ਦੀ ਰਾਏ ਲੈਣ ਤੋਂ ਬਾਅਦ ਇਹ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਸੋਨੀ ਖਿਲਾਫ਼ ਆਈਪੀਸੀ ਦੀ ਧਾਰਾ 295-ਏ, 504 ਅਤੇ 505 ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਜਿਸ ਦੀ ਸ਼ਿਕਾਇਤ ਲਵਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਤਿਬੱੜੀ ਵੱਲੋਂ ਕੀਤੀ ਗਈ ਸੀ। ਮਾਮਲਾ ਦਰਜ਼ ਹੋਣ ਤੋ ਬਾਅਦ ਸਿੱਖ ਜੱਥੇਬੰਦੀਆ ਵੱਲੋਂ ਧਰਨਾ ਚੁੱਕ ਲਿਆ ਗਿਆ ਹੈ, ਜਿਸ ਦੀ ਪੁਸ਼ਟੀ ਲਖਵਿੰਦਰ ਸਿੰਘ ਪਿੰਡ ਆਦੀ ਵੱਲੋਂ ਕੀਤੀ ਗਈ।ਦੱਸਣਯੋਗ ਹੈ ਕਿ ਕੱਲ ਹੀ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਵੱਲੋਂ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਗਿਆ ਸੀ ਕਿ ਪਾਰਟੀ ਦੇ ਕੌਮੀ ਪ੍ਰਧਾਨ ਊਧਵ ਠਾਕਰੇ ਅਤੇ ਯੁਵਾ ਸੈਨਾ ਦੇ ਕੌਮੀ ਪ੍ਰਧਾਨ ਆਦਿਤਿਆ ਠਾਕਰੇ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਾਰਟੀ ਦੇ ਕੌਮੀ ਸਕੱਤਰ ਤੇ ਸੂਬਾਈ ਐਮ.ਪੀ. ਅਨਿਲ ਦੇਸਾਈ, ਹਰਵਿੰਦਰ ਸਿੰਘ ਸੋਨੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ।ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਹੀ ਹਰਵਿੰਦਰ ਸੋਨੀ ਨੇ ਬਿਆਨ ਜਾਰੀ ਕਰਕੇ ਇਸ ਮਾਮਲੇ ਲਈ ਜਨਤਕ ਤੌਰ ‘ਤੇ ਮੁਆਫੀ ਮੰਗੀ ਸੀ। ਉਸ ਦਾ ਕਹਿਣਾ ਹੈ ਕਿ ਬੰਦ ਦੌਰਾਨ ਉਕਤ ਵਿਵਾਦਤ ਬਿਆਨ ਗਲਤੀ ਨਾਲ ਉਸ ਦੇ ਪਾਸਿਓਂ ਨਿਕਲ ਗਿਆ ਸੀ। ਉਨ੍ਹਾਂ ਨੂੰ ਖੁਦ ਸ੍ਰੀ ਦਰਬਾਰ ਸਾਹਿਬ ‘ਤੇ ਪੂਰਾ ਭਰੋਸਾ ਹੈ। ਉਹ ਗਲਤੀ ਨਾਲ ਦਿੱਤੇ ਗਏ ਆਪਣੇ ਬਿਆਨ ਲਈ ਸਾਰਿਆਂ ਤੋਂ ਮੁਆਫੀ ਮੰਗਦਾ ਹੈ।