16 ਸਤੰਬਰ ਨੂੰ ਹੋਵੇਗਾ ਸਿਟੀ ਥਾਣੇ ਦਾ ਘਿਰਾਓ ,ਮਾਮਲਾ 13 ਸਾਲਾ ਬੱਚੀ ਨਾਲ ਜਬਰ ਜ਼ਨਾਹ ਦਾ
ਨਬਾਲਗ ਬੱਚੀ ਨਾਲ ਜਬਰ ਜ਼ਨਾਹ ਕਰਨ ਵਾਲੇ ਮੁਲਜ਼ਮ ਦੀ ਗਿਰਫਤਾਰੀ ਲਈ 16 ਸਤੰਬਰ ਨੂੰ ਹੋਵੇਗਾ ਸਿਟੀ ਥਾਣੇ ਦਾ ਘਿਰਾਓ
ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਫੈਸਲਾ।
ਗੁਰਦਾਸਪੁਰ-ਨਵਨੀਤ ਕੁਮਾਰ ਸਥਾਨਕ ਰਾਮ ਸਿੰਘ ਦੱਤ ਹਾਲ ਵਿਖੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਸਮੂਹ ਕਿਰਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਵਰਗ ਅਤੇ ਇਸਤਰੀ ਜਾਗ੍ਰਿਤੀ ਮੰਚ ਦੀਆਂ ਜਥੇਬੰਦੀਆਂ ਨੇ ਅਮਰ ਕ੍ਰਾਂਤੀ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ 13 ਸਾਲਾਂ ਬਾਲੜੀ ਨਾਲ ਜਬਰ ਜ਼ਨਾਹ ਕਰਨ ਵਾਲੇ ਹਰਦਾਨ ਪਿੰਡ ਦੇ ਵਿਜੇ ਕੁਮਾਰ ਦੀ ਗਿਰਫਤਾਰੀ ਅਤੇ ਇਸ ਸਾਰੇ ਮਾਮਲੇ ਵਿਚ ਕੋਤਾਹੀ ਦਿਖਾਉਣ ਵਾਲੇ ਪੁਲਿਸ ਅਧਿਕਾਰੀਆਂ ਦੀ ਬਰਖਾਸਤਗੀ ਲਈ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਬਰ ਵਿਰੋਧੀ ਐਕਸ਼ਨ ਕਮੇਟੀ ਬਣਾਈ ਗਈ ਹੈ ਜਿਸ ਦੇ ਕਨਵੀਨਰ ਵਿਦਿਆਰਥੀ ਆਗੂ ਅਮਰ ਕ੍ਰਾਂਤੀ ਅਤੇ ਮੁਲਾਜ਼ਮ ਆਗੂ ਬਲਵਿੰਦਰ ਕੌਰ ਰਾਵਲਪਿੰਡੀ ਨੂੰ ਬਣਾਇਆ ਗਿਆ ਹੈ। ਮੀਟਿੰਗ ਦੀ ਕਾਰਵਾਈ ਪਰੈਸ ਨੂੰ ਜਾਰੀ ਕਰਦਿਆਂ ਕਮੇਟੀ ਮੈਂਬਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਗੁਰਦਾਸਪੁਰ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਕਰਕੇ ਮੁਲਜ਼ਮ ਦੋ ਮਹੀਨੇ ਹੋਣ ਦੇ ਬਾਵਜੂਦ ਵੀ ਸ਼ਰੇਆਮ ਬਾਹਰ ਘੁੰਮ ਰਿਹਾ ਹੈ। ਪਰਿਵਾਰਕ ਮੈਂਬਰਾਂ ਨੂੰ ਸ਼ਰੇਆਮ ਨਾ ਮਾਲੂਮ ਫੋਨ ਨੰਬਰ ਤੋਂ ਜਾਨੋ ਮਾਰਨ ਦੀ ਧਮਕੀਆਂ ਦੇ ਰਿਹਾ ਹੈ। ਪੁਲਿਸ ਵੱਲੋਂ ਅਜੇ ਤੱਕ ਮੁਲਜ਼ਮ ਦੀ ਕਾਰ ਅਤੇ ਮੋਟਰਸਾਈਕਲ ਜ਼ਬਤ ਨਹੀਂ ਕੀਤਾ ਗਿਆ। ਭਾਵੇਂ ਪੁਲਿਸ ਨੇ ਮੁਲਜ਼ਮ ਦਾ ਚਲਾਨ ਕੋਰਟ ਵਿੱਚ ਪੇਸ਼ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋਣ ਕੋਸ਼ਿਸ਼ ਕੀਤੀ ਹੈ ਪਰ ਦੋ ਮਹੀਨੇ ਇਸ ਕੇਸ ਦੀ ਸਹੀ ਢੰਗ ਨਾਲ ਕਾਰਵਾਈ ਨਾ ਕਰਕੇ ਮੁਲਜਮ ਨੂੰ ਇਧਰ ਉਧਰ ਲੁਕਣ ਵਿਚ ਮਦਦ ਕੀਤੀ ਹੈ। ਜਥੇਬੰਦੀਆਂ ਨੇ18 ਅਗਸਤ ਨੂੰ ਗੁਰਦਾਸਪੁਰ ਦੀਆਂ ਸਮੂਹ ਇਨਸਾਫ਼ ਪਸੰਦ ਜਨਤਕ ਜਥੇਬੰਦੀਆਂ ਨੇ ਸਿਟੀ ਥਾਣੇ ਦਾ ਘਿਰਾਓ ਕਰਕੇ ਪਿੰਡ ਹਰਦਾਨ ਦੇ ਵਿਜੇ ਕੁਮਾਰ ਵਲੋਂ ਤੇਰਾਂ ਸਾਲਾਂ ਬਾਲੜੀ ਨਾਲ ਬਲਾਤਕਾਰ ਦਾ ਮਾਮਲਾ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਸੀ। ਭਾਵੇਂ ਧਰਨੇ ਵਿੱਚ ਐਸ ਪੀ ਹੈਡ ਕੁਆਰਟਰ ਸ੍ਰ ਨਵਜੋਤ ਸਿੰਘ ਵੱਲੋਂ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਸੀ ਕਿ ਇਕ ਹਫਤੇ ਅੰਦਰ ਮੁਲਜ਼ਮ ਕਾਬੂ ਕਰ ਕੇ ਇਨਸਾਫ਼ ਦਿਵਾਇਆ ਜਾਵੇਗਾ। ਪਰ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਅਪਰਾਧੀ ਬਾਹਰ ਘੁੰਮ ਰਿਹਾ ਹੈ। ਅੱਜ ਦੀ ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਦੇ ਆਗੂ ਮੱਖਣ ਕੁਹਾੜ, ਕਿਰਤੀ ਕਿਸਾਨ ਯੂਨੀਅਨ ਵੱਲੋਂ ਤਰਲੋਕ ਸਿੰਘ ਬਹਿਰਾਮਪੁਰ, ਪੰਜਾਬ ਕਿਸਾਨ ਯੂਨੀਅਨ ਸਤਿਬੀਰ ਸਿੰਘ ਗੋਸਲ, ਗੁਰਦੀਪ ਸਿੰਘ, ਪਲਵਿੰਦਰ ਸਿੰਘ, ਬਲਵੀਰ ਸਿੰਘ ਕਤੋਵਾਲ, ਬਲਵੀਰ ਸਿੰਘ ਉਂਚਾ ਨਕਾਰਾ, ਮਜ਼ਦੂਰ ਯੂਨੀਅਨ ਆਗੂ ਜੋਗਿੰਦਰ ਪਾਲ ਪਨਿਆੜ, ਜੋਗਿੰਦਰ ਪਾਲ ਘੁਰਾਲਾ, ਸੁਖਦੇਵ ਸਿੰਘ ਬਹਿਰਾਮਪੁਰ, ਜਮਹੂਰੀ ਅਧਿਕਾਰ ਸਭਾ ਵੱਲੋਂ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਪੈਨਸ਼ਨਰ ਯੂਨੀਅਨ ਵੱਲੋਂ ਅਨੇਕ ਚੰਦ ਪਾਹੜਾ, ਆਸ਼ਾ ਵਰਕਰਾਂ ਵੱਲੋਂ ਬਲਵਿੰਦਰ ਕੌਰ ਅਲੀ ਸ਼ੇਰ, ਗੁਰਵਿੰਦਰ ਕੌਰ ਬਹਿਰਾਮਪੁਰ, ਰਾਜਵਿੰਦਰ ਕੌਰ, ਅੰਚਲ ਮੱਟੂ ਹਾਜ਼ਰ ਸਨ। ਕਮੇਟੀ ਵੱਲੋਂ ਸੰਘਰਸ਼ ਨੂੰ ਤੇਜ਼ ਕਰਨ ਲਈ ਪੁਲਿਸ ਪ੍ਰਸ਼ਾਸਨ ਦੇ ਪੁਤਲੇ ਸਾੜਨ, ਕੈਂਡਲ ਮਾਰਚ ਕਰਨ, ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ, ਮੁੱਖ ਮੰਤਰੀ ਪੰਜਾਬ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਭੇਜਣ ਤੋਂ ਇਲਾਵਾ 16 ਸਤੰਬਰ ਨੂੰ ਸਿਟੀ ਥਾਣੇ ਦੇ ਘਿਰਾਓ ਲਈ ਪਿੰਡ ਪਿੰਡ ਨੁੱਕੜ ਮੀਟਿੰਗਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਪੀੜਤਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ।