ਸ਼ਨੀਵਾਰ ਅਤੇ ਐਤਵਾਰ ਨੂੰ ਵੀ ਲੋਕਾਂ ਨੂੰ ਸੇਵਾਵਾਂ ਦੇਣ ਲਈ ਖੁੱਲਦੇ ਹਨ ਸੇਵਾ ਕੇਂਦਰ
ਸ਼ਨੀਵਾਰ ਅਤੇ ਐਤਵਾਰ ਨੂੰ ਵੀ ਲੋਕਾਂ ਨੂੰ ਸੇਵਾਵਾਂ ਦੇਣ ਲਈ ਖੁੱਲਦੇ ਹਨ ਸੇਵਾ ਕੇਂਦਰ
ਗੁਰਦਾਸਪਰ-ਨਵਨੀਤ ਕੁਮਾਰ
ਜਨਾਬ ਮੁਹੰਮਦ ਇਸ਼ਫਾਕ, ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸੇਵਾ ਕੇਂਦਰ ਹਫ਼ਤੇ ਦੇ ਸੱਤੇ ਦਿਨ ਖੁੱਲ੍ਹੇ ਰੱਖੇ ਜਾ ਰਹੇ ਹਨ ਅਤੇ ਸਟਾਫ਼ ਦੋ ਸ਼ਿਫਟਾਂ ਵਿਚ ਕੰਮ ਕਰਕੇ ਆਮ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਵਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਬੀਤੀ 7 ਅਪ੍ਰੈਲ 2022 ਤੋਂ ਜ਼ਿਲ੍ਹੇ ਦੇ ਸਮੂਹ 40 ਸੇਵਾ ਕੇਂਦਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਲੋਕਾਂ ਦੀ ਸਹੂਲਤ ਲਈ ਸਵੇਰੇ 08-00 ਵਜੇ ਤੋਂ ਸ਼ਾਮ 06-00 ਵਜੇ ਤੱਕ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਖੁੱਲੇ ਰਹਿੰਦੇ ਹਨ।ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸੋਮਵਾਰ ਤੋਂ ਸ਼ੁਕਰਵਾਰ ਦੇ ਨਾਲ-ਨਾਲ ਸ਼ਨੀਵਾਰ ਤੇ ਐਤਵਾਰ ਨੂੰ ਵੀ ਸੇਵਾ ਕੇਂਦਰ ਤੋਂ ਸਰਕਾਰੀ ਸੇਵਾਵਾਂ ਦਾ ਲਾਹਾ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਜਿਹੜੇ ਲੋਕ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਆਪਣੇ ਦਫਤਰੀ ਰੁਝੇਵਿਆਂ ਕਾਰਨ ਸਰਕਾਰੀ ਸੇਵਾਵਾਂ ਲੈਣ ਤੋਂ ਵਾਂਝੇ ਰਹਿੰਦੇ ਹਨ ਉਹ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸੇਵਾ ਕੇਂਦਰ ਦੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ।