ਜੰਮੂ ਕਸ਼ਮੀਰ ਦੇ ਪੁੰਛ ’ਚ ਮੁਕਾਬਲੇ ਦੌਰਾਨ ਸ਼ਹੀਦ ਹੋਇਆ ਹਲਕਾ ਭੁਲੱਥ ਦਾ ਜਵਾਨ
https://www.youtube.com/watch?v=_3K2iKri2Ps
ਜੰਮੂ ਕਸ਼ਮੀਰ ਦੇ ਪੁੰਛ ’ਚ ਮੁਕਾਬਲੇ ਦੌਰਾਨ ਸ਼ਹੀਦ ਹੋਇਆ ਹਲਕਾ ਭੁਲੱਥ ਦਾ ਜਵਾਨ
ਦੇਸ਼ ਸੇਵਾ ਨੂੰ ਸਮਰਪਿਤ ਹੈ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦਾ ਪਰਿਵਾਰ
ਪਿਤਾ ਕੈਪਟਨ ਤੇ ਭਰਾ ਹੌਲਦਾਰ ਰਿਟਾਇਰਡ
ਸ਼ਹੀਦ ਜਸਵਿੰਦਰ ਸਿੰਘ ਨੂੰ 2007 ‘ਚ ਮਿਲਿਆ ਸੀ ਸੈਨਾ ਮੈਡਲ
ਭੁਲੱਥ, 12 ਅਕਤੂਬਰ (ਸਵਰਨ ਸਿੰਘ ਬਾਓਲੀ) – ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਅੱਤਵਾਦ ਰੋਕੂ ਮੁਹਿੰਮ ’ਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਸੋਮਵਾਰ ਨੂੰ ਹੋਏ ਮੁਕਾਬਲੇ ’ਚ ਇਕ ਜੇ. ਸੀ.ਓ. (ਜੂਨੀਅਰ ਕਮਿਸ਼ਨ ਅਫ਼ਸਰ) ਸਮੇਤ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ ਹਨ। ਜੇ. ਸੀ.ਓ. ਜਸਵਿੰਦਰ ਸਿੰਘ (39) ਜਿਲਾ ਕਪੂਰਥਲਾ ਦੇ ਹਲਕਾ ਭੁਲੱਥ ਵਿਚ ਪੈਂਦੇ ਪਿੰਡ ਮਾਨਾਂਤਲਵੰਡੀ ਦਾ ਵਸਨੀਕ ਹੈ। ਜੋ ਇਸ ਵੇਲੇ ਭਾਰਤੀ ਫ਼ੌਜ ਵਿੱਚ ਨਾਇਬ ਸੂਬੇਦਾਰ ਵਜੋਂ ਡਿਊਟੀ ਕਰ ਰਿਹਾ ਸੀ।
ਦੱਸ ਦੇਈਏ ਕਿ ਸ਼ਹੀਦ ਜਸਵਿੰਦਰ ਸਿੰਘ ਦਾ ਪਰਿਵਾਰ ਦੇਸ਼ ਸੇਵਾ ਨੂੰ ਸਮਰਪਿਤ ਹੈ। ਕਿਉਂਕਿ ਉਸਦੇ ਪਿਤਾ ਹਰਭਜਨ ਸਿੰਘ ਭਾਰਤੀ ਫੌਜ ਵਿਚੋਂ ਕੈਪਟਨ ਰੈਂਕ ਤੋਂ ਰਿਟਾਇਰਡ ਹਨ, ਜਿਨ੍ਹਾਂ ਦੀ ਮਈ ਮਹੀਨੇ ਵਿਚ ਹਾਰਟ ਅਟੈਕ ਨਾਲ ਮੌਤ ਹੋ ਚੁੱਕੀ ਹੈ। ਜਦਕਿ ਭਰਾ ਰਜਿੰਦਰ ਸਿੰਘ ਵੀ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਚੁੱਕਾ ਹੈ। ਜੋ ਹੁਣ ਹੌਲਦਾਰ ਰੈਂਕ ਨਾਲ ਰਿਟਾਇਰਡ ਹੋ ਚੁੱਕਾ ਹੈ।
ਦੱਸਣਯੋਗ ਹੈ ਕਿ ਸ਼ਹੀਦ ਜਸਵਿੰਦਰ ਸਿੰਘ ਦੇ ਪਰਿਵਾਰ ਵਿਚ ਬਜੁਰਗ ਮਾਂ, ਪਤਨੀ ਸੁਖਪ੍ਰੀਤ ਕੌਰ (35), ਪੁੱਤਰ ਵਿਕਰਮਜੀਤ ਸਿੰਘ (13), ਧੀ ਹਰਨੂਰ ਕੌਰ (11) ਤੇ ਭਰਾ ਰਜਿੰਦਰ ਸਿੰਘ ਦਾ ਪਰਿਵਾਰ ਤੇ ਪਿੰਡ ਵਾਸੀ ਜਿਥੇ ਸੋਗ ਵਿਚ ਹਨ, ਉਥੇ ਇਸ ਖਬਰ ਨਾਲ ਇਲਾਕੇ ਵਿਚ ਵੀ ਸੋਗ ਦੀ ਲਹਿਰ ਹੈ।
ਸ਼ਹੀਦ ਜਸਵਿੰਦਰ ਸਿੰਘ ਦੇ ਭਰਾ ਸਾਬਕਾ ਫੌਜੀ ਰਾਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਸਵਿੰਦਰ ਸਿੰਘ ਜਦੋਂ ਗਿਆਰ੍ਹਵੀਂ ਕਲਾਸ ਵਿੱਚ ਪੜ੍ਹਦਾ ਸੀ ਉਸ ਵੇਲੇ ਹੀ ਫੌਜ ਵਿਚ ਭਰਤੀ ਹੋ ਗਿਆ ਸੀ ਜੋ ਉਸ ਵੇਲੇ ਤੋਂ ਹੁਣ ਤਕ ਦੇਸ਼ ਦੀ ਸੇਵਾ ਕਰਦਾ ਆ ਰਿਹਾ ਸੀ। ਭਰਾ ਨੇ ਦੱਸਿਆ ਕਿ 2007 ਵਿੱਚ ਜਸਵਿੰਦਰ ਸਿੰਘ ਨੂੰ ਸੈਨਾ ਮੈਡਲ ਵੀ ਮਿਲ ਚੁੱਕਾ ਹੈ।
ਸ਼ਹੀਦ ਹੋਏ ਜਵਾਨ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਮਾਨਾਂਤਲਵੰਡੀ ਬੁੱਧਵਾਰ ਸਵੇਰੇ 9 ਵਜੇ ਪਹੁੰਚ ਜਾਵੇਗੀ। ਜਿਸ ਉਪਰੰਤ ਸ਼ਹੀਦ ਫੌਜੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਹੋਵੇਗਾ।