Friday, November 15, 2024
Breaking Newsਸਿਹਤਪੰਜਾਬਮੁੱਖ ਖਬਰਾਂ

ਲੁਧਿਆਣਾ ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 93.49% ਹੋਈ- ਡੀ.ਸੀ

 

ਲੁਧਿਆਣਾ ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 93.49% ਹੋਈ- ਡੀ.ਸੀ

ਲੁਧਿਆਣਾ, ( ਰਾਮ ਰਾਜਪੂਤ,ਵਿਪੁਨ ਕਾਲੜਾ ਸੁਖਚੈਨ ਮਹਿਰਾ ) – ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 3806 ਸੈਂਪਲ ਲਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਸ ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿੱਚ ਵੀ ਵਾਧਾ ਦਰਜ ਕੀਤਾ ਹੈ, ਜੌ ਕਿ ਇਕ ਸ਼ੁਭ ਸੰਕੇਤ ਹੈ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਡੀ.ਐੱਮਜ਼. ਦੀ ਦੇਖਰੇਖ ਵਿੱਚ ਸਿਹਤ ਵਿਭਾਗ ਦੇ ਸਮੂਹ ਡਾਕਟਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੱਲੋਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਦਿਨ ਰਾਤ ਯਤਨਾਂ ਤਹਿਤ ਰੋਜ਼ਾਨਾ ਵੱਧ ਤੋਂ ਵੱਧ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਜਿਸ ਤਹਿਤ ਅੱਜ ਵੀ 3806 ਸੈਂਪਲ ਲਏ ਗਏ। ਉਹਨਾਂ ਸਮੂਹ ਐੱਸ.ਡੀ.ਐੱਮਜ਼ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਵਸਨੀਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਸਨੀਕਾਂ ਦੀ ਸੁਰੱਖਿਆ ਲਈ 24 ਘੰਟੇ 7 ਦਿਨ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ‘ਮਿਸ਼ਨ ਫਤਹਿ’ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 19235 ਮਰੀਜ਼ਾਂ ਵਿਚੋਂ 93.49% (17983 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕਈ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਵਸਨੀਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕੀਤੀ ਕਿਉਂਕਿ ਕੋਵਿਡ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੁਰੰਤ ਆਪਣੇ ਆਪ ਨੂੰ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਜਦੋਂ ਵੀ ਉਹ ਮਹਿਸੂਸ ਕਰਦੇ ਹਨ ਕਿ ਕੋਈ ਕੋਵਿਡ ਵਰਗੇ ਲੱਛਣ ਹੋਣ। ਉਨ੍ਹਾਂ ਕਿਹਾ ਕਿ ਲੱਛਣਾਂ ਦੇ ਪਤਾ ਲੱਗਣ ਅਤੇ ਜਾਂਚ ਵਿਚਕਾਰ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਜਦੋਂ ਲੋਕ ਲੱਛਣ ਹੋਣ ਦੇ ਬਾਵਜੂਦ ਆਪਣੇ ਆਪ ਦਾ ਟੈਸਟ ਨਹੀਂ ਕਰਵਾਉਂਦੇ ਤਾਂ ਕਈ ਵਾਰ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ, ਜਿਸ ਨਾਲ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਸ਼ਹਿਰ ਵਿੱਚ ਕਈ ਟੈਸਟਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੇਂਦਰਾਂ ਵਿੱਚ ਕੋਵਿਡ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਜੇਕਰ ਕਿਸੇ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਲੱਗਦੇ ਹਨ ਤਾਂ ਬਿਨ੍ਹਾਂ ਦੇਰੀ ਕੀਤੇ ਨੇੜਲੇ ਟੈਸਟ ਕੇਂਦਰ ਜਾ ਕੇ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਰੋਜ਼ਾਨਾ ਲਏ ਗਏ ਨਮੂਨਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 3806 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 447 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 17983 ਹੋ ਗਈ ਹੈ।
ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 75 ਮਰੀਜ਼ (61 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 14 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 328268 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 326767 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 305043 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 1501 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 19235 ਹੈ, ਜਦਕਿ 2489 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।
ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 4 ਮੌਤਾਂ ਹੋਈਆਂ ਹਨ (3 ਜ਼ਿਲ੍ਹਾ ਲੁਧਿਆਣਾ ਅਤੇ 1 ਰਾਜ ਜੰਮੂ ਤੇ ਕਸ਼ਮੀਰ ਨਾਲ ਸਬੰਧਤ ਹੈ)। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 802 ਅਤੇ 290 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 45417 ਵਿਅਕਤੀਆਂ ਨੂੰ ਘਰਾਂ ‘ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 1903 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 104 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।
ਸ੍ਰੀ ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਹੁਣ ਅਸੀਂ ਚਰਮ ਸੀਮਾ (Peak) ਦੌਰ ਵਿੱਚੋਂ ਗੁਜ਼ਰ ਰਹੇ ਹਨ, ਹੁਣ ਜਿਆਦਾ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

Share the News

Lok Bani

you can find latest news national sports news business news international news entertainment news and local news