ਘਾਤਕ ਸਿੱਟਿਆਂ ਤੋਂ ਜਾਣੂ ਹੋਣ ਕਰਕੇ ਆਪਣੇ ਖੇਤਾਂ ਦੀ ਪਰਾਲੀ ਨੂੰ ਨਾ ਸਾੜਨ ਦਾ ਪ੍ਰਣ ਲਿਆ
ਘਾਤਕ ਸਿੱਟਿਆਂ ਤੋਂ ਜਾਣੂ ਹੋਣ ਕਰਕੇ ਆਪਣੇ ਖੇਤਾਂ ਦੀ ਪਰਾਲੀ ਨੂੰ ਨਾ ਸਾੜਨ ਦਾ ਪ੍ਰਣ ਲਿਆ
ਖੰਨਾ/ਲੁਧਿਆਣਾ, (ਸੁਖਚੈਨ ਮਹਿਰਾ,ਵਿਪੁਲ ਕਾਲੜਾ) – ਅਮਨਦੀਪ ਸਿੰਘ ਬਲਾਕ ਖੰਨਾ ਦੇ ਪਿੰਡ ਜਟਾਣੇ ਦਾ ਉਹ ਅਗਾਂਹਵਧੂ ਕਿਸਾਨ ਹੈ ਜਿਸ ਨੇ ਖੁਦ ਹੈਪੀ ਸੀਡਰ ਨੂੰ ਅਪਣਾ ਕਿ ਇਸ ਤਕਨੀਕ ਦਾ ਪਸਾਰ ਵੀ ਕੀਤਾ ਹੈ। ਨੌਜਵਾਨ ਕਿਸਾਨ ਪੰਜਾਬ ਵਿੱਚ ਆਪਣੀ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੌਰ ਰਿਹਾ ਹੈ। ਅਮਨਦੀਪ ਸਿੰਘ ਦਾ ਮੰਨਣਾ ਹੈ ਕਿ ਖੇਤੀ ਇਕ ਪੇਸ਼ੇਵਰ ਕਿੱਤੇ ਵਜ਼ੋਂ ਕੀਤੀ ਜਾਣੀ ਚਾਹੀਦੀ ਹੈ, ਇਸ ਦਾ ਸਾਰਾ ਲੇਖਾਂ ਜੋਖਾ ਰੱਖਣਾ ਜਰੂਰੀ ਹੈ ਅਤੇ ਜਦੋਂ ਅਸੀਂ ਰਵਾਇਤੀ ਖੇਤੀ ਨੂੰ ਵਿਗਿਆਨਿਕ ਤਰੀਕੇ ਵੱਲ ਤੋਰਾਂਗੇ ਤਾਂ ਸਫ਼ਲਤਾ ਜਰੂਰ ਮਿਲੇਗੀ।
ਕਿਸਾਨ ਅਮਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲਗਾਤਾਰ ਨਿਵੇਕਲੇ ਯਤਨਾਂ ਦੇ ਨਾਲ ਖੇਤੀ ਦੀ ਦਸ਼ਾ ਬਦਲੀ ਜਾ ਸਕਦੀ ਹੈ। ਉਸਨੇ ਅੱਗੇ ਕਿਹਾ ਕਿ ਪਰਾਲੀ ਦੀ ਸਾਂਭ-ਸੰਭਾਲ ਭੱਖਦਾ ਮੁੱਦਾ ਹੈ, ਜਿੱਥੇ ਝੋਨੇ ਦੀਆਂ ਨਵੀਆਂ ਕਿਸਮਾਂ ਨੇ ਝੋਨੇ ਦਾ ਝਾੜ ਵਧਾਇਆ ਹੈ ਉਥੇ ਨਾਲ ਹੀ ਪਰਾਲੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਕਿਸਾਨ ਪਰਾਲੀ ਨੂੰ ਖੇਤ ਵਿੱਚ ਸਾੜਨ ਨੂੰ ਸੁਖਾਲਾ ਸਮਝਦੇ ਹਨ ਪਰ ਅਮਨਦੀਪ ਸਿੰਘ ਨੇ ਉਸ ਦੇ ਘਾਤਕ ਸਿੱਟਿਆ ਤੋਂ ਜਾਣੂ ਹੋਣ ਕਰਕੇ ਆਪਣੇ ਖੇਤਾਂ ਦੀ ਪਰਾਲੀ ਨੂੰ ਨਾ ਸਾੜਨ ਦਾ ਪ੍ਰਣ ਲਿਆ।
ਨੌਜਵਾਨ ਕਿਸਾਨ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੁਝਾਅ ਤੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ, ਪਹਿਲੇ ਸਾਲ ਕੁੱਝ ਔਕੜਾ ਦਾ ਸਾਹਮਣਾ ਵੀ ਕਰਨਾ ਪਿਆ। ਅਮਨਦੀਪ ਨੇ ਦੱਸਿਆ ਕਿ ਪਹਿਲੇ ਇਕ ਮਹੀਨਾ ਤਾਂ ਕਿਸਾਨ ਦੇ ਮਨ ਵਿੱਚ ਡਰ ਰਹਿੰਦਾ ਹੈ ਕਿ ਕਣਕ ਕਾਮਯਾਬ ਹੋਵੇਗੀ ਜਾ ਨਹੀਂ ? ਪਰ ਤਜ਼ਰਬੇ ਨਾਲ ਆਉਣ ਵਾਲੇ ਸਮੇਂ ਵਿੱਚ ਉਹਨਾਂ ਹੈਪੀ ਸੀਡਰ ਨਾਲ ਬੀਜੀ ਕਣਕ ਤੋਂ ਵਧੀਆ ਝਾੜ ਘੱਟ ਖਰਚਾ ਕਰਕੇ ਹਾਸਿਲ ਕੀਤਾ। ਕਿਸਾਨ ਦਾ ਕਹਿਣਾ ਹੈ ਕਿ ਹੈਪੀ ਸੀਡਰ ਦੀ ਕੰਮ ਕਰਨ ਦੀ ਸਮਰੱਥਾ 4 ਤੋਂ 9 ਏਕੜ ਪ੍ਰਤੀ ਦਿਨ ਅਤੇ ਡੀਜ਼ਲ ਖਪਤ 6 ਤੋਂ 9 ਲੀਟਰ ਪ੍ਰਤੀ ਏਕੜ ਰਹਿੰਦੀ ਹੈ।
ਕਿਸਾਨ ਨੇ ਅੱਗੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਨਦੀਨਾਂ ਦੀ ਸਮੱਸਿਆ ਵੀ ਹੈਪੀ ਸੀਡਰ ਵਾਲੇ ਖੇਤਾਂ ਵਿੱਚ ਘੱਟਦੀ ਹੈ, ਜਿਸ ਨਾਲ ਨਦੀਨ ਨਾਸ਼ਕ ਦਾ ਖਰਚਾ ਵੀ ਘੱਟਦਾ ਹੈ। ਟਰੈਕਟਰ ਨੂੰ ਪਹਿਲੇ ਲੋਅ ਗੇਅਰ ਵਿੱਚ ਚਲਾਇਆ ਜਾਂਦਾ ਹੈਅਤੇ ਹੈਪੀ ਸੀਡਰ ਚਲਾਉਂਣ ਤੋਂ ਪਹਿਲਾ ਇੰਜਣ ਦੇ ਚੱਕਰ 1600 ਤੋਂ 1700 ਵਿਚਕਾਰ ਸੈੱਟ ਕਰ ਲੈਣੇ ਚਾਹੀਦੇ ਹਨ। ਵੱਖ ਵੱਖ ਫਾਇਦੇ ਹੋਣ ਕਰਕੇ ਅਮਨਦੀਪ ਸਿੰਘ ਹੈਪੀ ਸੀਡਰ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ, ਉਸਦਾ ਕਹਿਣਾ ਹੈ ਕਿ ਕੁਤਰਿਆ ਹੋਇਆ ਪਰਾਲ ਮਲਚ ਦੇ ਤੌਰ ਤੇ ਕੰਮ ਕਰਦਾ ਹੈ ਜਿਸ ਕਰਕੇ ਮਿੱਟੀ ਵੀ ਪਾਣੀ ਨੂੰ ਵੱਧ ਸਮੇ ਤੱਕ ਸੰਭਾਲ ਕੇ ਰੱਖਦੀ ਹੈ ਅਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਅਮਨਦੀਪ ਅਨੁਸਾਰ ਇਸ ਤਕਨੀਕ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਮਿੱਟੀ ਦਾ ਜੈਵਿਕ ਮਾਦਾ ਵੀ ਵੱਧਦਾ ਹੈ ਅਤੇ ਮਿੱਟੀ ਦੇ ਹੋਰ ਖ਼ੁਰਾਕੀ ਅਤੇ ਲਾਭਦਾਇਕ ਸੂਖਮ ਜੀਵਾਣੂ ਨਸ਼ਟ ਵੀ ਨਹੀ ਹੁੰਦੇ।
ਕਿਸਾਨ ਅਮਨਦੀਪ ਸਿੰਘ ਆਪਣੇ ਪਿੰਡ ਵਿੱਚ ਲੱਗਭਗ 100 ਏਕੜ ਰਕਬਾ ਹੈਪੀ ਸੀਡਰ ਨਾਲ ਕਿਰਾਏ ਤੇ ਵੀ ਬਿਜਾਈ ਕਰਦਾ ਹੈ ਅਤੇ ਹੋਰ ਕਿਸਾਨ ਵੀਰਾਂ ਨੂੰ ਸਮੇ-ਸਮੇ ਤੇ ਪ੍ਰੇਰਿਤ ਵੀ ਕਰਦਾ ਹੈ। ਅਮਨਦੀਪ ਸਿੰਘ ਵੱਲੋਂ 2019 ਵਿੱਚ 30 ਏਕੜ ਆਪਣਾ ਰਕਬਾ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ ਸੀ। ਨੌਜਵਾਨ ਕਿਸਾਨ ਨੇ ਨਾ ਸਿਰਫ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਇਆ, ਬਲਕਿ ਕਿਸਾਨ ਵੀਰਾਂ ਨੂੰ ਹੈਪੀ ਤਕਨੀਕ ਬਾਰੇ ਪ੍ਰੇਰਿਤ ਕਰਕੇ ਇਕ ਚੰਗੇ ਨਾਗਰਿਕ ਅਤੇ ਵਾਤਾਵਰਨ ਪ੍ਰੇਮੀ ਦੀ ਭੂਮਿਕਾ ਵੀ ਨਿਭਾਈ ਹੈ।