ਰੋਜ਼ਗਾਰ ਮੇਲੇ ਦੇ ਪਹਿਲੇ ਦਿਨ 403 ਉਮੀਦਵਾਰਾਂ ਨੂੰ ਮਿਲੀਆਂ ਨੌਕਰੀਆਂ
ਰੋਜ਼ਗਾਰ ਮੇਲੇ ਦੇ ਪਹਿਲੇ ਦਿਨ 403 ਉਮੀਦਵਾਰਾਂ ਨੂੰ ਮਿਲੀਆਂ ਨੌਕਰੀਆਂ
ਲੁਧਿਆਣਾ, ( ਰਾਮ ਰਾਜਪੂਤ ,ਸੁਖਚੈਨ ਮਹਿਰਾ ) – ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਪੰਜਾਬ ਸਰਕਾਰ ਦੀ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ’ ਮੁਹਿੰਮ ਤਹਿਤ 6ਵੇਂ ਮੈਗਾ ਰੋਜ਼ਗਾਰ ਮੇਲੇ ਦੇ ਪਹਿਲੇ ਦਿਨ ਕਰੀਬ 403 ਉਮੀਦਵਾਰਾਂ ਨੂੰ ਨੌਕਰੀਆਂ ਮਿਲੀਆਂ। ਰੋਜ਼ਗਾਰ ਜਨਰੇਸ਼ਨ ਅਤੇ ਸਿਖਲਾਈ ਅਫਸਰ (ਈ.ਜੀ.ਟੀ.ਓ.) ਸ੍ਰੀ ਹਰਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੋਜ਼ਗਾਰ ਮੇਲਾ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਸੀ.ਈ.ਓ. ਡੀ.ਬੀ.ਈ.ਈ. ਸ੍ਰੀ ਸੰਦੀਪ ਕੁਮਾਰ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਸ੍ਰੀ ਸਿੱਧੂ ਨੇ ਅੱਗੇ ਕਿਹਾ ਕਿ ਪਹਿਲੇ ਦਿਨ ਘੱਟੋ-ਘੱਟ 10 ਪ੍ਰਮੁੱਖ ਕੰਪਨੀਆਂ ਵਿੱਚ 31 ਵੱਖ-ਵੱਖ ਨੌਕਰੀਆਂ ਲਈ 700 ਤੋਂ ਵੱਧ ਉਮੀਦਵਾਰਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ 450 ਅਸਾਮੀਆਂ ਖਾਲੀ ਸਨ ਜਿਨ੍ਹਾਂ ਵਿਚੋਂ 403 ਯੋਗ ਉਮੀਦਵਾਰਾਂ ਵੱਲੋਂ ਨੋਕਰੀਆਂ ਪ੍ਰਾਪਤ ਕੀਤੀਆਂ ਗਈਆਂ। ਉਨ੍ਹਾਂ ਅੱਗੇ ਦੱਸਿਆ ਇਸ ਰੋਜ਼ਗਾਰ ਮੇਲੇ ਵਿੱਚ ਗੂਗਲ ਪੇ, ਐਲ.ਆਈ.ਸੀ. ਆਫ ਇੰਡੀਆ, ਭਾਰਤੀ ਏਅਰਟੈਲ, ਰੈਲਸਨ ਇੰਡੀਆ, ਸੇਠ ਇੰਡਸਟਰੀਅਲ, ਪੁਖਰਾਜ ਹੈਲਥ ਕੇਅਰ ਆਦਿ ਸਮੇਤ 10 ਦੇ ਕਰੀਬ ਪ੍ਰਸਿੱਧ ਕੰਪਨੀਆਂ ਨੇ ਹਿੱਸਾ ਲਿਆ। ਸ੍ਰੀ ਸਿੱਧੂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਕੁਝ ਕੰਪਨੀਆਂ ਜ਼ਿਲ੍ਹਾ ਰੋਜ਼ਗਾਰ ਦਫਤਰ ਆਈਆਂ ਸਨ ਅਤੇ ਕੁਝ ਕੰਪਨੀਆਂ ਵੱਲੋ ਉਮੀਦਵਾਰਾਂ ਦੀ ਚੋਣ ਲਈ ਆਪਣੀਆਂ ਸੰਸਥਾਵਾਂ ਵਿੱਚ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਆਪਸੀ ਵਿੱਥ, ਮਾਸਕ ਪਹਿਨਣਾ, ਹੱਥਾਂ ਦੀ ਸਫਾਈ ਸਮੇਤ ਸੂਬਾ ਸਰਕਾਰ ਵੱਲੋਂ ਜਾਰੀ ਕੋਵੀਡ-19 ਸੰਬਧੀ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਅਗਲਾ ਰੋਜ਼ਗਾਰ ਮੇਲਾ ਵਰਚੂਅਲ ਅਤੇ 29 ਸਤੰਬਰ ਨੂੰ ਗਿੱਲ ਰੋਡ ਵਿਖੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ) ਵਿਖੇ ਲਗਾਇਆ ਜਾਵੇਗਾ