ਰਾਸ਼ਨ ’ਚ ਹੇਰਾ ਫੇਰੀ ਕਰਨ ਵਾਲੇ ਰਾਕੇਸ਼ ਪਾਂਡੇ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ : ਮਹੇਸ਼ਇੰਦਰ ਸਿੰਘ ਗਰੇਵਾਲ
ਰਾਸ਼ਨ ’ਚ ਹੇਰਾ ਫੇਰੀ ਕਰਨ ਵਾਲੇ ਰਾਕੇਸ਼ ਪਾਂਡੇ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ : ਮਹੇਸ਼ਇੰਦਰ ਸਿੰਘ ਗਰੇਵਾਲ
ਲੁਧਿਆਣਾ, ( ਸੁਖਚੈਨ ਮਹਿਰਾ ਰਾਮ ਰਾਜਪੂਤ ) ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰੀ ਰਾਸ਼ਨ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ ਤੇ ਪਾਰਟੀ ਨੇ ਲੁਧਿਆਣਾ ਦੇ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਨੂੰ ਆਪਣੇ ਚਹੇਤਿਆਂ ਰਾਹੀਂ ਰਾਸ਼ਨ ’ਚ ਹੇਰਾ ਫੇਰੀ ਕਰਨ ਦੇ ਦੋਸ਼ ’ਚ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਲੁਧਿਆਣਾ ਵਿਚ ਵਾਰਡ ਨੰਬਰ 91 ਦੀ ਕਾਂਗਰਸੀ ਕੌਂਸਲਰ ਗੁਰਪਿੰਦਰ ਕੌਰ ਸੰਧੂ ਦੇ ਪਤੀ ਬਲਵਿੰਦਰ ਸਿੰਘ ਸੰਧੂ ਦੇ ਸਕੂਲ ਵਿਚੋਂ ਹਜ਼ਾਰਾਂ ਬੈਗ ਕੇਂਦਰੀ ਰਾਸ਼ਨ ਬਰਾਮਦ ਕੀਤੇ ਜਾਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਸਾਰੇ ਸੂਬੇ ਵਿਚ ਕਾਂਗਰਸ ਦੇ ਵਿਧਾਇਕ ਕੇਂਦਰੀ ਰਾਸ਼ਨ ਦੀ ਹੇਰਾ ਫੇਰੀ ਵਿਚ ਸਿੱਧੇ ਤੌਰ ’ਤੇ ਸ਼ਾਮਲ ਹਨ। ਉਹਨਾਂ ਕਿਹਾ ਕਿ ਕਾਂਗਰਸੀ ਕੌਂਸਲਰ ਨੇ ਖੁਦ ਮੰਨਿਆ ਹੈ ਕਿ ਉਸਦੇ ਸਕੂਲ ਵਿਚ ਬੈਗ ਵਿਧਾਇਕ ਪਾਂਡੇ ਨੇ ਹੀ ਰੱਖਵਾਏ ਸਨ। ਉਹਨਾਂ ਕਿਹਾ ਕਿ ਜਦੋਂ ਪਾਂਡੇ ਦੀ ਇਸ ਮਾਮਲੇ ਵਿਚ ਸ਼ਮੂਲੀਅਤ ਜੱਗ ਜਾਹਰ ਹੋ ਗਈ ਹੈ ਤੇ ਇਸਦੇ ਸਬੂਤ ਵੀ ਹਨ ਤਾਂ ਕਾਂਗਰਸੀ ਵਿਧਾਇਕ ਖਿਲਾਫ ਕੇਸ ਦਰਜ ਕਰ ਕੇ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਸ੍ਰੀ ਗਰੇਵਾਲ ਨੇ ਕਿਹਾ ਕਿ ਇਹ ਸਿਰਫ ਲੁਧਿਆਣਾ ਦਾ ਮਾਮਲਾ ਨਹੀਂ ਹੈ ਬਲਕਿ ਸਾਰੇ ਸੂਬੇ ਵਿਚ ਹੀ ਕਾਂਗਰਸੀ ਵਿਧਾਇਕਾਂ ਵੱਲੋਂ ਆਪਣੇ ਚਹੇਤਿਆਂ ਰਾਹੀਂ ਕੇਂਦਰੀ ਰਾਸ਼ਨ ਨੂੰ ਇਸੇ ਤਰੀਕੇ ਖੁਰਦ ਬੁਰਦ ਕੀਤਾ ਗਿਆ ਹੈ ਤੇ ਵੇਚਿਆ ਗਿਆ ਹੈ। ਇਸ ਸਾਰੇ ਮਾਮਲੇ ਦੀ ਸੀ ਬੀ ਆਈ ਜਾਂਚ ਹੀ ਸਾਰੇ ਸੱਚ ਨੂੰ ਬੇਨਕਾਬ ਕਰ ਸਕਦੀ ਹੈ ਤੇ ਸਰਕਾਰ ਨੂੰ ਤੁਰੰਤ ਸੀ ਬੀ ਆਈ ਜਾਂਚ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ।
ਸ੍ਰੀ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਇਹ ਕਹਿੰਦਾ ਆ ਰਿਹਾ ਹੈ ਕਿ ਕਾਂਗਰਸੀ ਵਿਧਾਇਕਾਂ ਨੇ ਆਪਣੇ ਚਹੇਤਿਆਂ ਰਾਹੀਂ ਇਹ ਕੇਂਦਰੀ ਰਾਸ਼ਨ ਖੁਰਦ ਬੁਰਦ ਕੀਤਾ ਹੈ ਪਰ ਸਰਕਾਰ ਵੱਲੋਂ ਇਸਦਾ ਖੰਡਨ ਕੀਤਾ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਇਸ ਤਰੀਕੇ ਦੇ ਸਬੂਤ ਸਪਸ਼ਟ ਸਾਹਮਣੇ ਆ ਰਹੇ ਹਨ ਤਾਂ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਹੀ ਸੱਚਾਈ ਨੂੰ ਲੋਕਾਂ ਸਾਹਮਣੇ ਲਿਆਉਣ ਦਾ ਇਕੋ ਇਕ ਰਾਹ ਹੈ।