ਦੇਸ਼ ਚ ਆਈ ਚੰਗੀ ਖ਼ਬਰ ਭਾਰਤ ਦੇ 59 ਜ਼ਿਲ੍ਹੇ ਕੋਰੋਨਾ ਮੁਕਤ…..
ਦੇਸ਼ ਚ ਆਈ ਚੰਗੀ ਖ਼ਬਰ ਭਾਰਤ ਦੇ 59 ਜ਼ਿਲ੍ਹੇ ਕੋਰੋਨਾ ਮੁਕਤ…..
ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਦੇ 23 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 59 ਜ਼ਿਲ੍ਹੇ ਕੋਰੋਨਾ ਮੁਕਤ ਹੋ ਗਏ ਹਨ। ਇਨ੍ਹਾਂ ਜ਼ਿਲ੍ਹਿਆਂ ‘ਚ ਪਿਛਲੇ 14 ਦਿਨਾਂ ਤੋਂ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਥੇ ਪੁਡੂਚੇਰੀ ‘ਚ ਮਾਹੇ, ਕਰਨਾਟਕ ‘ਚ ਕੋਡਾਗੂ ਅਤੇ ਉੱਤਰਾਖੰਡ ਦੇ ਪੌੜੀ ਗੜਵਾਲ ‘ਚ ਪਿਛਲੇ 28 ਦਿਨਾਂ ਦੌਰਾਨ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਕੋਈ ਲੱਛਣ ਨਹੀਂ
ਮੈਡੀਕਲ ਖੋਜ ਬਾਰੇ ਭਾਰਤੀ ਕੌਂਸਲ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੋਰੋਨਾ ਦੇ 80 ਫੀਸਦੀ ਮਾਮਲਿਆਂ ‘ਚ ਵਾਇਰਸ ਦੇ ਲੱਛਣ ਨਾ ਦਿਸਣਾ ਚਿੰਤਾ ਦਾ ਵਿਸ਼ਾ ਹੈ। ਆਈ.ਸੀ.ਐਮ.ਆਰ. ਦੇ ਡਾ: ਆਰ.ਐਮ. ਗੰਗਾਖੇਡਕਰ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਪਤਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਸੂਬਿਆਂ ਨੂੰ ਹਦਾਇਤਾਂ
ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਕਿਹਾ ਕਿ ਕੁਝ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਉਨ੍ਹਾਂ ਸਰਗਰਮੀਆਂ ਦੀ ਆਗਿਆ ਦੇ ਰਹੇ ਹਨ, ਜਿਨ੍ਹਾਂ ਦੀ ਆਫ਼ਤ ਪ੍ਰਬੰਧਨ ਕਾਨੂੰਨ 2005 ਤਹਿਤ ਗ੍ਰਹਿ ਮੰਤਰਾਲੇ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਗਿਆ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਸਾਰੇ ਸਬੰਧਿਤ ਅਧਿਕਾਰੀ ਇਸ ‘ਚ ਕਿਸੇ ਵੀ ਤਰ੍ਹਾਂ ਦੀ ਢਿੱਲ ਦਿੱਤੇ ਬਗੈਰ ਇਸ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਾਰੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਥਾਨਕ ਖੇਤਰਾਂ ਦੀ ਲੋੜ ਅਨੁਸਾਰ ਦਿਸ਼ਾ-ਨਿਰਦੇਸ਼ਾਂ ਤੋਂ ਵੀ ਸਖ਼ਤ ਨਿਯਮ ਲਾਗੂ ਕਰ ਸਕਦੇ ਹਨ ਪਰ ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਕਮਜ਼ੋਰ ਜਾਂ ਹਲਕਾ ਨਹੀਂ ਕਰ ਸਕਦੇ। ਕੇਂਦਰ ਸਰਕਾਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਰਾਸ਼ਟਰ ਵਿਆਪੀ ਤਾਲਾਬੰਦੀ ਦੀਆਂ ਸੇਧਾਂ ਨੂੰ ਨਰਮ ਨਹੀਂ ਕਰ ਸਕਦੇ। ਕੇਂਦਰ ਸਰਕਾਰ ਨੇ ਕਿਹਾ ਕਿ ਰਾਜ ਸਰਕਾਰਾਂ ਤਾਲਾਬੰਦੀ ਦੌਰਾਨ ਆਪਣੇ ਤੌਰ ‘ਤੇ ਗਤੀਵਿਧੀਆਂ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦੇ ਸਕਦੀਆਂ, ਜੇਕਰ ਉਹ ਚਾਹੁਣ ਤਾਂ ਸੇਧਾਂ ਹੋਰ ਸਖ਼ਤ ਕਰ ਸਕਦੇ ਹਨ। ਗ੍ਰਹਿ ਸਕੱਤਰ ਅਜੈ ਭੱਲਾ ਨੇ ਐਤਵਾਰ ਨੂੰ ਇਸ ਸਬੰਧ ‘ਚ ਰਾਜਾਂ ਨੂੰ ਲਿਖੇ ਪੱਤਰ ‘ਚ ਕਿਹਾ ਕਿ ਦੇਸ਼ ਦੇ ਉਨ੍ਹਾਂ ਇਲਾਕਿਆਂ ‘ਚ ਕੋਰੋਨਾ ਵਾਇਰਸ ਦਾ ਸਭ ਤੋਂ ਘੱਟ ਪ੍ਰਭਾਵ ਹੈ, ਸਿਰਫ ਉਨ੍ਹਾਂ ਕਾਰਵਾਈਆਂ ਦੀ ਹੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ਦੀ ਪ੍ਰਵਾਨਗੀ ਕੇਂਦਰ ਸਰਕਾਰ ਨੇ ਦਿੱਤੀ ਹੈ। ਗ੍ਰਹਿ ਮੰਤਰਾਲੇ ਵਲੋਂ ਇਹ ਪੱਤਰ ਕੇਰਲ ਸਰਕਾਰ ਵਲੋਂ ਰਾਜ ਵਿਚ ਦਿੱਤੀਆਂ ਕੁਝ ਰਾਹਤਾਂ ਦੇ ਪਿਛੋਕੜ ‘ਚ ਦਿੱਤੀ ਗਈ ਹੈ, ਜਿੱਥੇ ਰਾਜ ਸਰਕਾਰ ਨੇ ਕੁਝ ਹਿੱਸਿਆਂ ਵਿਚ ਕਿਸਾਨ, ਨਾਈ ਦੀ ਦੁਕਾਨ ਅਤੇ ਰੈਸਟੋਰੈਂਟ ਆਦਿ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।