Friday, November 15, 2024
Featuredਪੰਜਾਬ

ਪੁਲਵਾਮਾ ਹਮਲੇ ਬਾਰੇ ਟਿੱਪਣੀ ਕਰ ਫਸੇ ਸਿੱਧੂ ਦਾ ਜਾਗਿਆ ਦੇਸ਼ ਪ੍ਰੇਮ

ਲੁਧਿਆਣਾ: ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਦਹਿਸ਼ਤਗਰਦੀ ਹਮਲੇ ਨੂੰ ਨਵਜੋਤ ਸਿੰਘ ਸਿੱਧੂ ਨੇ ਮੰਦਭਾਗੀ ਘਟਨਾ ਕਰਾਰ ਦਿੱਤਾ। ਬੀਤੇ ਕੱਲ੍ਹ ਕੀਤੀ ਆਪਣੀ ਟਿੱਪਣੀ ‘ਤੇ ਪੈਦਾ ਹੋਏ ਮਗਰੋਂ ਸਿੱਧੂ ਨੇ ਸਫਾਈ ਵੀ ਪੇਸ਼ ਕੀਤੀ ਹੈ। ਸਿੱਧੂ ਨੇ ਕਿਹਾ ਕਿ ਮੇਰੇ ਸ਼ਬਦਾਂ ਨੂੰ ਤੋੜ ਮਰੋੜ ਕੇ ਮੀਡੀਆ ‘ਚ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਦੇਸ਼ ਸਭ ਤੋਂ ਪਹਿਲਾਂ ਹੈ ਨਾ ਕਿ ਦੋਸਤੀ।

ਅੱਜ ਲੁਧਿਆਣਾ ਵਿੱਚ ਕਿਸੇ ਸਮਾਗਮ ਦੌਰਾਨ ਪਹੁੰਚੇ ਨਵਜੋਤ ਸਿੱਧੂ ਨੂੰ ਭਾਜਪਾਈਆਂ ਤੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਿਰੋਧ ਕਾਰਨ ਸਮਾਗਮ ਵਿੱਚ ਦੇਰੀ ਨਾਲ ਪਹੁੰਚੇ ਨਵਜੋਤ ਸਿੱਧੂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਪੁਲਵਾਮਾ ਫਿਦਾਈਨ ਹਮਲੇ ਦਾ ਕਰਤਾਰਪੁਰ ਲਾਂਘੇ ‘ਤੇ ਅਸਰ ਪੈਣ ਤੋਂ ਇਨਕਾਰ ਕੀਤਾ। ਸਿੱਧੂ ਨੇ ਕਿਹਾ ਕਿ ਇਸ ਹਮਲੇ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੇ ਨਾਲ ਨਹੀਂ ਜੋੜਨਾ ਚਾਹੀਦਾ। ਸਿੱਧੂ ਨੇ ਕਿਹਾ ਕਿ ਕੀ ਚਾਰ ਅੱਤਵਾਦੀਆਂ ਕਰਕੇ ਦੇਸ਼ ਦਾ ਵਿਕਾਸ ਰੁਕ ਜਾਵੇਗਾ ਜਾਂ ਦੋ ਦੇਸ਼ਾਂ ਦੇ ਪ੍ਰਧਾਨ ਮੰਤਰੀ ਆਪਣੇ ਫੈਸਲੇ ਬਦਲ ਲੈਣਗੇ?

ਸਿੱਧੂ ਨੇ ਇੱਥੇ ਇਹ ਵੀ ਕਿਹਾ ਕਿ ਉਨ੍ਹਾਂ ਲਈ ਦੇਸ਼ ਹੀ ਸਭ ਤੋਂ ਪਹਿਲਾਂ ਹੈ ਦੋਸਤੀ ਬਾਅਦ ਵਿੱਚ ਹੈ। ਜੋ ਵੀ ਇਸ ਹਮਲੇ ਲਈ ਜ਼ਿੰਮੇਵਾਰ ਹੈ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ। ਨਾਲ ਹੀ ਸਿੱਧੂ ਨੇ ਦੇਸ਼ ਦੇ ਜਵਾਨਾਂ ਦੇ ਬਚਾਅ ਲਈ ਲੋੜੀਂਦੇ ਕਦਮ ਚੁੱਕਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ‘ਚ ਫ਼ੌਜੀਆਂ ਨੂੰ ਕਾਫ਼ਲੇ ਰਾਹੀਂ ਨਹੀਂ ਲਿਜਾਣਾ ਚਾਹੀਦਾ ਸੀ। ਸਿੱਧੂ ਨੇ ਕਿਹਾ ਕਿ ਫ਼ੌਜੀਆਂ ਨੂੰ ਸਖ਼ਤ ਸੁਰੱਖਿਆ ‘ਚ ਲੈ ਕੇ ਜਾਣਾ ਚਾਹੀਦਾ ਸੀ।

ਇਸ ਦੌਰਾਨ ਲੁਧਿਆਣਾ ਦੇ ਐਮਐਲਏ ਮੇਅਰ ਤੇ ਕਾਂਗਰਸ ਦੀ ਲੀਡਰਸ਼ਿਪ ਵੀ ਮੌਜੂਦ ਰਹੀ ਅਤੇ ਪੁਲਵਾਮਾ ‘ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਲਈ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਇੱਥੇ ਸਿੱਧੂ ਨੇ ਕਈ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਵੰਡੀਆਂ ਅਤੇ ਅਧੂਰੇ ਪਏ ਕਾਰਜਾਂ ਨੂੰ ਪੂਰਾ ਕਰਵਾਉਣ ਲਈ ਵਚਨਬੱਧਤਾ ਦੁਹਰਾਈ।

Share the News