ਜੂਨ ਦੇ ਪਹਿਲੇ ਦਿਨ ਨੇ ਤ੍ਰਾਹ-ਤ੍ਰਾਹ ਕਰਾਈ ….
ਜੂਨ ਦੇ ਪਹਿਲੇ ਦਿਨ ਨੇ ਤ੍ਰਾਹ-ਤ੍ਰਾਹ ਕਰਾਈ ….
ਜਲੰਧਰ ( ਰਮੇਸ਼ ) ਅੱਤ ਦੀ ਗਰਮੀ ਨੇ ਲੋਕਾਂ ਦੀ ਤ੍ਰਾਹ-ਤ੍ਰਾਹ ਕਰਾਈ ਹੋਈ ਹੈ, ਤਿੱਖੀ ਧੁੱਪ ਭਾਵ ਕਾਂ ਦੀ ਅੱਖ ਕੱਢਣ ਵਾਲੀ | ਸਮਾਂ ਸਵੇਰ, ਦੁਪਹਿਰ ਜਾਂ ਦੁਪਹਿਰ ਤੋਂ ਬਾਅਦ ਦਾ ਹੋਵੇ ਹਰ ਕੋਈ ਆਪਣਾ ਸਿਰ ਮੂੰਹ ਕੱਪੜੇ ਨਾਲ ਢੱਕ ਕੇ ਹੀ ਬਾਹਰ ਨਿਕਲਣਾ ਬਿਹਤਰ ਸਮਝਦਾ ਹੈ | ਸਿਰ ਮੰੂਹ ਤਾਂ ਕੀ ਬਾਹਵਾਂ ਵੀ ਇਸ ਫ਼ਿਕਰ ਵਿਚ ਕਿ ਅੱਗ ਉਗਲਦੀ ਧੁੱਪ ਉਨ੍ਹਾਂ ਦੀ ਚਮੜੀ ਹੀ ਨਾ ਸਾੜ ਦੇਵੇ | ਧੁੱਪ ਤੋਂ ਚਮੜੀ ਦੇ ਬਚਾਅ ਲਈ ਬਣੀਆਂ ਮਹਿੰਗੀਆਂ ਕਰੀਮਾਂ ਵੀ ਬੇਅਸਰ ਸਾਬਤ ਹੋ ਰਹੀਆਂ ਹਨ | ਤਾਪਮਾਨ ਦੇ ਤੇਜ਼ੀ ਨਾਲ ਵਧਣ ਦੇ ਕੀ ਕਾਰਨ ਹੋ ਸਕਦੇ ਹਨ | ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਅਤੇ ਨਵੇਂ ਰੁੱਖ ਲਗਾਉਣ ਦੇ ਨਾਂ-ਮਾਤਰ ਯਤਨ, ਫ਼ੈਕਟਰੀਆਂ ਦਾ ਹਾਨੀਕਾਰਕ ਧੂੰਆ, ਕਣਕ ਦੀ ਨਾੜ ਨੂੰ ਅੱਗ ਲਾ ਕੇ ਸਾੜਨਾ ਆਦਿ | ਪੰਜਾਬ ਦੇ ਹਰ ਸ਼ਹਿਰ ਦਾ ਤਾਪਮਾਨ ਅੱਜ 44 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ | ਐਨੀ ਤੇਜ ਗਰਮੀ ਕਈ ਤਰ੍ਹਾਂ ਦੀਆਂ ਮੁਸੀਬਤਾਂ ਖੜੀਆਂ ਕਰ ਰਹੀ ਹੈ | ਪਹਿਲੀ ਜੂਨ ਤੋਂ ਸਕੂਲੀ ਬੱਚਿਆਂ ਨੂੰ ਛੁੱਟੀਆਂ ਹੋ ਜਾਣਗੀਆਂ | ਇਹ ਗੱਲ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਕੁੱਝ ਰਾਹਤ ਜ਼ਰੂਰ ਦੇ ਸਕਦੀ ਹੈ ਪਰ ਬੱਚਿਆਂ ਨੂੰ ਰਹਿਣਾ ਤਾਂ ਇਸ ਵਾਤਾਵਰਨ ਵਿਚ ਹੀ ਪਵੇਗਾ | ਧੁੱਪ ਵਾਲੀਆਂ ਥਾਵਾਂ ਉੱਤੇ ਕੰਮ ਕਰਨ ਵਾਲੇ ਮਜ਼ਦੂਰ ਅਜਿਹੇ ਹਾਲਾਤ ਵਿਚ ਕੀ ਕਰ ਸਕਦੇ ਹਨ | ਤੇਜ਼ ਗਰਮੀ ਨੇ ਫ਼ਰਿਜਾਂ ਦਾ ਖੇਲ ਵੀ ਵਿਗਾੜ ਦਿੱਤਾ ਹੈ | ਫ਼ਰਿਜਾਂ ਨੇ ਪਾਣੀ ਨੂੰ ਬਰਫ਼ ਵਿਚ ਬਦਲਣਾ ਬੰਦ ਕਰ ਦਿੱਤਾ ਹੈ | ਵਧੇ ਹੋਏ ਤਾਪਮਾਨ ਨੇ ਡਾਇਰੀਆ ਅਤੇ ਹੋਰ ਬਿਮਾਰੀਆਂ ਦੇ ਮਰੀਜ਼ਾਂ ਵਿਚ ਵਾਧਾ ਕੀਤਾ ਹੈ | ਬੱਚੇ, ਬੁੱਢੇ ਅਤੇ ਜਵਾਨ ਹਰ ਉਮਰ ਦੇ ਵਿਅਕਤੀ ਇਨ੍ਹਾਂ ਬਿਮਾਰੀਆਂ ਦੀ ਜਕੜ ਵਿਚ ਹਨ | ਇਸ ਲਈ ਤਿੱਖੀ ਧੁੱਪ ਵਿਚ ਘਰੋਂ ਬਾਹਰ ਕੋਈ ਵੀ ਨਿਕਲਣਾ ਨਹੀਂ ਚਾਹੁੰਦਾ ਪਰ ਮਜਬੂਰੀਆਂ ਵਿਅਕਤੀ ਨੂੰ ਘਰ ਦੇ ਪੱਖੇ ਦੀ ਹਵਾ ਹੇਠੋਂ ਬਾਹਰ ਸੜਕ ‘ਤੇ ਲੈ ਆਉਂਦੀਆਂ ਹਨ | ਇਸ ਅੱਤ ਦੀ ਪੈ ਰਹੀ ਗਰਮੀ ਵਿਚ ਪਸ਼ੂ ਪੰਛੀਆਂ ਦਾ ਵੀ ਬੁਰਾ ਹਾਲ ਹੈ