ਸਰਦਾਰ ਹਰੀ ਸਿੰਘ ਨਲੂਆ ਸਪੋਰਟਸ ਐਂਡ ਕਲਚਰਲ ਕਲੱਬ ਦਾ ਗਠਨ ਕੀਤਾ ਗਿਆ…
ਯੁੱਧਬੀਰ ਮਾਲਟੂ ਪ੍ਰਧਾਨ ਅਤੇ ਚੰਦਨਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਨਿਯੁਕਤ
ਬਟਾਲਾ, ( ਬੇਦੀ ) — ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਿਆਈਆਂ ਦੀ ਦਲਦਲ ਵਿੱਚੋਂ ਕੱਢ ਕੇ ਸਹੀ ਦਿਸ਼ਾ ਦੇਣ ਅਤੇ ਆਪਣੇ ਅਮੀਰ ਪੰਜਾਬੀ ਵਿਰਸੇ ਖੇਡਾਂ ਤੇ ਸਾਫ਼-ਸੁਥਰੇ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਦੇ ਮਕਸਦ ਨੂੰ ਲੈ ਕੇ ਸਰਦਾਰ ਹਰੀ ਸਿੰਘ ਨਲੂਆ ਸਪੋਰਟਸ ਐਂਡ ਕਲਚਰਲ ਕਲੱਬ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਜਿਲ੍ਹਾ ਗੁਰਦਾਸਪੁਰ ਦੇ ਉੱਘੇ ਨੌਜਵਾਨ ਆਗੂ ਅਤੇ ਕਬੱਡੀ ਖਿਡਾਰੀ ਯੁੱਧਬੀਰ ਸਿੰਘ ਮਾਲਟੂ ਨੂੰ ਪ੍ਰਧਾਨ ਅਤੇ ਜੂਡੋ ਖਿਡਾਰੀ ਚੰਦਨਬੀਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਯੁੱਧਬੀਰ ਸਿੰਘ ਮਾਲਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦਾਰ ਜਰਨੈਲ ਹਰੀ ਸਿੰਘ ਨਲੂਆ ਕੌਮ ਦੇ ਬਹੁਤ ਹੀ ਮਹਾਂਬਲੀ ਜਾਂਬਾਜ ਅਤੇ ਸੂਰਬੀਰ ਜਰਨੈਲ ਹਨ ਜਿੰਨ੍ਹਾਂ ਨੇ ਅਫਗਾਨਿਸਤਾਨ ਤੱਕ ਆਪਣੀ ਸੂਰਬੀਰਤਾ ਦੇ ਜੌਹਰ ਦਿਖਾਏ ਅਤੇ ਅੱਜ ਸਰਦਾਰ ਜੀ ਪ੍ਰਤੀ ਆਪਣੀ ਸ਼ਰਧਾ ਪਰਗਟ ਕਰਦਿਆਂ ਕਲੱਬ ਦਾ ਗਠਨ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜਲਦ ਹੀ ਸਰਦਾਰ ਹਰੀ ਸਿੰਘ ਨਲੂਆ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਪੱਧਰ ‘ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ ਜਿਵੇਂ ਅਜੋਕੇ ਸਮੇਂ ਵਿੱਚ ਸਾਡੇ ਨੌਜਵਾਨ ਵੀਰ ਖੇਡਾਂ ਅਤੇ ਸੁਚੱਜੇ ਸੱਭਿਆਚਾਰ ਨੂੰ ਵਿਸਾਰ ਕੇ ਨਸ਼ਿਆਂ ਅਤੇ ਹੋਰ ਭੈੜੀਆਂ ਅਲਾਮਤਾਂ ਵਿੱਚ ਫਸ ਕੇ ਸੁਪਨਿਆਂ ਦੀ ਨਕਲੀ ਦੁਨੀਆ ਵਿੱਚ ਜੀਅ ਰਹੇ ਹਨ ਉਨਾਂ ਨੂੰ ਗਲ ਨਾਲ ਲਗਾ ਕੇ ਜਿੱਥੇ ਖੇਡਾਂ ਅਤੇ ਆਪਣੇ ਅਮੀਰ ਪੰਜਾਬੀ ਵਿਰਸੇ ਨਾਲ ਜੋੜਿਆ ਜਾਵੇਗਾ ਉਥੇ ਹੀ ਇਲਾਕੇ ਵਿੱਚ ਮੁੜ ਤੋਂ ਖੇਡਾਂ ਨੂੰ ਵੱਡੇ ਪੱਧਰ ਉੱਤੇ ਪ੍ਰਫੁਲਤ ਕੀਤਾ ਜਾਵੇਗਾ । ਇਸ ਮੌਕੇ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਚੰਦਨਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੀ ਅਹਿਮ ਜਿੰਮੇਵਾਰੀ ਉਹ ਪੂਰੀ ਲਗਨ ਅਤੇ ਮੇਹਨਤ ਨਾਲ ਨਿਭਾਉਣਗੇ ਅਤੇ ਖੇਡਾਂ ਨੂੰ ਵੱਡੇ ਪੱਧਰ ਉੱਤੇ ਪ੍ਰਫੁਲਤ ਕਰਨ ਲਈ ਹਮੇਸ਼ਾ ਤੱਤਪਰ ਰਹਿਣਗੇ। ਇਸ ਮੌਕੇ ਕਲੱਬ ਦੇ ਪ੍ਰਧਾਨ ਯੁੱਧਬੀਰ ਸਿੰਘ ਮਾਲਟੂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਲਦ ਹੀ ਕਲੱਬ ਦੀ ਗਵਰਨਿੰਗ ਕਮੇਟੀ ਟੀਮ ਅਤੇ ਐਗਜ਼ੈਕਟਿਵ ਕਮੇਟੀ ਮੈਂਬਰ ਨਿਯੁਕਤ ਕਰਕੇ ਜਿੱਥੇ ਕਲੱਬ ਦਾ ਸੰਗਠਨਾਤਮਿਕ ਢਾਂਚੇ ਦਾ ਪੜਾਅ ਦਰ ਪੜਾਅ ਐਲਾਨ ਕੀਤਾ ਜਾਵੇਗਾ ਉਥੇ ਹੀ ਮੇਹਨਤ ਅਤੇ ਲਗਨ ਨਾਲ ਕੰਮ ਕਰਨ ਵਾਲੇ ਮੈਂਬਰ ਸਾਹਿਬਾਨਾਂ ਨੂੰ ਅਹਿਮ ਜਿੰਮੇਵਾਰੀਆਂ ਦੇ ਕੇ ਕਲੱਬ ਨੂੰ ਪੂਰੇ ਮਜ਼ਬੂਤ ਅਤੇ ਯੋਜਨਾਬੱਧ ਤਰੀਕੇ ਨਾਲ ਚਲਾਇਆ ਜਾਵੇਗਾ ।