



ਅੰਮ੍ਰਿਤਸਰ:Software Engineer Arrested:ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇ ਮਾਮਲੇ ਵਿੱਚ ਪੁਲਿਸ ਨੇ ਫਰੀਦਾਬਾਦ ਤੋਂ ਇੱਕ ਸਾਫਟਵੇਅਰ ਇੰਜੀਨੀਅਰ ਨੂੰ ਹਿਰਾਸਤ ਵਿੱਚ ਲਿਆ ਹੈ। ਉਸ ਦੀ ਪਛਾਣ ਸ਼ੁਭਮ ਦੂਬੇ ਵਜੋਂ ਹੋਈ ਹੈ, ਜੋ ਕਿ ਫਰੀਦਾਬਾਦ ਦਾ ਰਹਿਣ ਵਾਲਾ ਹੈ। ਉਸਨੂੰ ਅੰਮ੍ਰਿਤਸਰ ਲਿਆਂਦਾ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਕਿ ਈਮੇਲ ਨਾ ਸਿਰਫ਼ ਹਰਿਮੰਦਰ ਸਾਹਿਬ ਪਹੁੰਚੇ ਹਨ ਬਲਕਿ ਦਿੱਲੀ ਦੇ ਸਕੂਲਾਂ, ਅਦਾਲਤਾਂ, ਮੁੱਖ ਮੰਤਰੀ, ਸੰਸਦ ਮੈਂਬਰਾਂ ਅਤੇ ਤਾਮਿਲਨਾਡੂ ਦੇ ਕਈ ਅਦਾਰਿਆਂ ਤੱਕ ਵੀ ਪਹੁੰਚੇ ਹਨ।
ਸੀਪੀ ਭੁੱਲਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਜਾਂਚ ਸ਼ੱਕ ਹੈ ਕਿ ਦੋਸ਼ੀਆਂ ਨੇ ਤਾਮਿਲਨਾਡੂ ਦੇ ਮੁੱਦਿਆਂ ਨੂੰ ਉਜਾਗਰ ਕਰਨ ਲਈ ਹਰਿਮੰਦਰ ਸਾਹਿਬ ਦੇ ਨਾਮ ਦੀ ਵਰਤੋਂ ਕੀਤੀ ਹੈ। ਤਾਮਿਲਨਾਡੂ ਦੇ ਕਈ ਅਧਿਕਾਰੀ ਪੰਜਾਬ ਪੁਲਿਸ ਦੇ ਸੰਪਰਕ ਵਿੱਚ ਵੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਤਾਮਿਲਨਾਡੂ ਵਿੱਚ ਕਈ ਈਮੇਲ ਸਰਕੂਲੇਟ ਹੋਈਆਂ ਹਨ। ਇੰਨਾ ਹੀ ਨਹੀਂ, ਈਮੇਲਾਂ ਵਿੱਚ ਡੀਐਮਕੇ ਅਤੇ ਦੱਖਣੀ ਰਾਜਾਂ ਦੇ ਲੋਕਾਂ ਦੇ ਨਾਮ ਵਰਤੇ ਗਏ ਹਨ।
ਸੀਪੀ ਅੰਮ੍ਰਿਤਸਰ ਨੇ ਦੱਸਿਆ ਕਿ ਹਿਰਾਸਤ ਵਿੱਚ ਲਿਆ ਗਿਆ ਸ਼ੁਭਮ ਦੂਬੇ ਖੁਦ ਇੱਕ 24 ਸਾਲਾ ਸਾਫਟਵੇਅਰ ਇੰਜੀਨੀਅਰ ਹੈ, ਜੋ ਕਈ ਵੱਡੀਆਂ ਕੰਪਨੀਆਂ ਵਿਚ ਕੰਮ ਕਰ ਚੁੱਕਾ ਹੈ ਤੇ ਹੁਣ ਬੇਰੁਜ਼ਗਾਰ ਹੈ। ਕੁਝ ਤਕਨੀਕੀ ਸਬੂਤ ਮਿਲੇ ਹਨ, ਜਿਸ ਕਾਰਨ ਸ਼ੁਭਮ ‘ਤੇ ਸ਼ੱਕ ਗਿਆ ਹੈ। ਜੇਕਰ ਪੁੱਛਗਿੱਛ ਦੌਰਾਨ ਉਸ ਦੀ ਸ਼ਮੂਲੀਅਤ ਪਾਈ ਜਾਂਦੀ ਹੈ, ਤਾਂ ਉਸ ਦੀ ਗ੍ਰਿਫ਼ਤਾਰੀ ਪਾਈ ਜਾਵੇਗੀ ਅਤੇ ਉਸ ਦੇ ਹੋਰ ਸਾਥੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।
ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਨੂੰ 14 ਜੁਲਾਈ ਤੋਂ ਬਾਅਦ ਪੰਜ ਧਮਕੀ ਭਰੇ ਈਮੇਲ ਮਿਲੇ ਹਨ। ਇਨ੍ਹਾਂ ਮੇਲਾਂ ਵਿੱਚ, ਸ੍ਰੀ ਹਰਿਮੰਦਰ ਸਾਹਿਬ ਨੂੰ ਆਰਡੀਐਕਸ ਨਾਲ ਉਡਾਉਣ ਦਾ ਜ਼ਿਕਰ ਸੀ। ਮੇਲਾਂ ਤੋਂ ਬਾਅਦ, ਅੰਮ੍ਰਿਤਸਰ ਵਿੱਚ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਅਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਖ਼ਤ ਸੁਰੱਖਿਆ ਦੇ ਨਾਲ ਇੱਕ ਪੂਰੀ ਤਲਾਸ਼ੀ ਮੁਹਿੰਮ ਚਲਾਈ ਗਈ।





