ਬਟਾਲਾ ਦੇ ਵਿਕਾਸ ’ਚ ਹੋਏ ਭ੍ਰਿਸ਼ਟਾਚਾਰ ਅਤੇ ਪੱਤਰਕਾਰ ਤੇ ਹੋਏ ਹਮਲੇ ਦੇ ਸਬੰਧ ’ਚ ਪੀਐਮਓ ਨੇ ਮੰਗਿਆ ਪੰਜਾਬ ਸਰਕਾਰ ਤੋਂ ਜਵਾਬ
ਬਟਾਲਾ , ਲੋਕ ਬਾਣੀ---ਪਿਛਲੇ 4 ਸਾਲ ਤੋਂ ਪੰਜਾਬ ਸਰਕਾਰ ਦੀ ਕਾਰਗੁਜਾਰੀ ਤੇ ਸੂਬੇ ਵਿੱਚ ਖਰਾਬ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਵਾਲਾ ਦੇ ਘੇਰੇ ਵਿੱਚ ਰਹੀ ਹੈ । ਪੰਜਾਬ ਦੇ ਲੋਕਾਂ ਨੂੰ ਇੱਕ ਚੰਗੇ ਭਵਿੱਖ ਦੇਣ ਦਾ ਵਾਅਦਾ ਕਰਕੇ ਸਤਾ ਵਿੱਚ ਆਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ ਪੰਜਾਬ ਵਿੱਚ ਸ਼ਰੇਆਮ ਗੈਂਗਵਾਰ ਤੇ ਕਤਲੋਗਾਰਤ ਦੀਆਂ ਖਬਰਾਂ ਹਰ ਦਿਨ ਆ ਰਹੀਆਂ ਹਨ । ਇੱਥੋ ਤੱਕ ਕਿ ਸੂਬੇ ਵਿੱਚ ਲੋਕਹਿੱਤ ਲਈ ਕੰਮ ਕਰਨ ਵਾਲੇ ਪੱਤਰਕਾਰਾਂ , ਸਮਾਜਸੇਵੀਆਂ ਤੇ ਸਰਕਾਰੀ ਅੱਤਿਆਚਾਰ ਦੇ ਨਿੱਤ ਨਵੇ ਮਾਮਲੇ ਸਾਹਮਣੇ ਆ ਰਹੇ ਹਨ । ਹੁਣ ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆ ਰਿਹਾ ਹੈ , ਜਿੱਥੇ ਰਮੇਸ਼ ਬਹਿਲ ਨਾਮ ਦੇ ਇੱਕ ਪੱਤਰਕਾਰ ਨੇ ਪ੍ਰਧਾਨ ਮੰਤਰੀ ਨੂੰ ਇੱਕ ਲਿਖਤ ਸ਼ਿਕਾਇਤ ਭੇਜ ਕੇ ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤੇ ਕਥਿੱਤ ਦੋਸ਼ ਲਗਾਏ ਹਨ । ਆਪਣੇ ਸ਼ਿਕਾਇਤ ਪੱਤਰ ਵਿੱਚ ਪੱਤਰਕਾਰ ਰਮੇਸ਼ ਬਹਿਲ ਨੇ ਦੱਸਿਆ ਹੈ ਕਿ ਉਹ ਇੱਕ ਪੰਜਾਬੀ ਅਖਬਾਰ ਵਿੱਚ ਪੱਤਰਕਾਰ ਵਜੋਂ ਕੰਮ ਕਰ ਰਿਹਾ ਹੈ , ਤੇ ਪਿਛਲੇ ਸਮੇਂ ਵਿੱਚ ਬਟਾਲਾ ਵਿੱਚ ਹੋਏ ਰਾਸ਼ਟਰੀ ਝੰਡੇ ਦੇ ਅਪਮਾਨ ਦੀਆਂ ਉਸ ਵੱਲੋ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆ ਸਨ ਜਿਸ ਦੀ ਰੰਜਿਸ਼ ਵਿੱਚ ਸਾਲ 2024 ਵਿੱਚ ਬਟਾਲਾ ਵਿਧਾਇਕ ਤੇ ਉਸਦੇ ਪੀਏ ਮਾਣਿਕ ਮਹਿਤਾ ਵੱਲੋ ਜਾਨਲੇਵਾ ਹਮਲਾ ਕਰਵਾਇਆ ਗਿਆ। ਜਿਸ ਵਿੱਚ ਉਸਦੀਆਂ ਲੱਤਾ ਬਾਹਾਂ ਤੱਕ ਤੋੜ ਦਿੱਤੀਆਂ ਗਈਆ । ਬਹਿਲ ਨੇ ਦੱਸਿਆ ਕਿ ਹੁਣ ਬਟਾਲਾ ਸ਼ਹਿਰ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋ 27 ਕਰੋੜ ਦੀ ਗ੍ਰਾਂਟ ਅਤੇ ਮਿਊਂਸੀਪਲ ਕਾਰਪੋਰੇਸ਼ਨ ਡਿਵੈਲਪਮੈਂਟ ਦੇ ਤਕਰੀਬਨ 25 ਕਰੋੜ ਕੁੱਲ ਕਰੀਬ 52 ਕਰੋੜ ਦੇ ਫੰਡਜ਼ ਆਏ ਹੋਏ ਸਨ । ਉਸਨੇ ਕਿਹਾ ਕੇ ਬਟਾਲਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋ ਆਪਣੇ ਜਾਣਕਾਰ ਕੰਪਨੀਆਂ ਨੂੰ ਵਿਕਾਸ ਦੇ ਕਾਰਜਾਂ ਦੇ ਟੈਂਡਰ ਦਿੱਤੇ ਗਏ ਹਨ ਤੇ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਇੱਕ ਵੱਡਾ ਭ੍ਰਿਸ਼ਟਾਂਚਾਰ ਕੀਤਾ ਜਾ ਰਿਹਾ ਹੈ। ਉਸਨੇ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਜਾ ਰਹੀ ਸੀ। ਜਿਸਦੇ ਸਬੰਧੀ ਸ਼ਹਿਰ ਦੇ ਮੇਅਰ ਵੱਲੋ ਇਸ ਹੋ ਰਹੇ ਭ੍ਰਿਸ਼ਟਾਂਚਾਰ ਨੂੰ ਉਜਾਗਰ ਕੀਤਾ ਗਿਆ ਸੀ । ਜਿਸਦੀ ਖਬਰ ਉਸ ਵੱਲੋ ਪ੍ਰਕਾਸ਼ਿਤ ਕੀਤੀ ਗਈ ਸੀ । ਬਹਿਲ ਨੇ ਦੱਸਿਆ ਕਿ ਪਹਿਲਾ ਉਸਨੂੰ ਭ੍ਰਿਸ਼ਟਾਚਾਰ ਕਰ ਰਹੇ ਠੇਕੇਦਾਰਾਂ ਅਤੇ ਉਸਦੇ ਸਾਥੀਆਂ ਵਲੋਂ ਫੋਨ ਕਰਕੇ ਧਮਕਾਇਆ ਗਿਆ ਫਿਰ ਬਟਾਲਾ ਵਿਧਾਇਕ ਦੀ ਹਲਾਸ਼ੇਰੀ ਤੇ ਉਸ ਤੇ ਹਮਲੇ ਵੀ ਕੀਤੇ ਗਏ। ਜਿਸਦੀਆਂ ਦਰਖਾਸਤਾਂ ਉਸ ਵੱਲੋ ਡੀਸੀ ਅਤੇ ਐਸਐਸਪੀ ਨੂੰ ਦਿੱਤੀਆ ਗਈਆ ਸਨ , ਪਰ ਇਸ ਦੇ ਬਾਵਜੂਦ ਵੀ ਪਿਛਲੇ ਮਹੀਨੇ 20 ਫਰਵਰੀ ਉਹ ਇੱਕ ਕਵਰੇਜ਼ ਦੇ ਸਬੰਧ ਵਿੱਚ ਜਦ ਨਗਰ ਨਿਗਮ ਬਟਾਲਾ ਗਿਆ ਤਾਂ ਉਸ ਤੇ ਠੇਕੇਦਾਰਾਂ ਤੇ ਉਨ੍ਹਾਂ ਦੇ ਗੁੰਡਿਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਉਸਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ । ਬਹਿਲ ਨੇ ਦੱਸਿਆ ਇਸ ਪੂਰੇ ਮਾਮਲੇ ਦੀ ਵੀਡੀਉ ਉਸ ਕੋਲ ਮੌਜ਼ੂਦ ਹੈ , ਪਰ ਬਟਾਲਾ ਵਿਧਾਇਕ ਵੱਲੋ ਪੁਲਿਸ ਤੇ ਦਬਾਅ ਪਾ ਕੇ ਉਸ ਖਿਲਾਫ ਕੁੱਟਮਾਰ ਕਰਨ ਤੇ ਸਰਕਾਰੀ ਰਿਕਾਰਡ ਖੋਹਣ ਤੇ ਜਾਤੀਸ਼ੂਚਕ ਸ਼ਬਦ ਬੋਲਣ ਦਾ ਝੂਠਾ ਪਰਚਾ ਉਸ ਖਿਲਾਫ ਦਰਜ ਕਰ ਦਿੱਤਾ ਤਾਂ ਕੀ ਮਗਰੋਂ ਘਟੀਆ ਮਟੀਰੀਅਲ ਦੀ ਵਰਤੋਂ ਅਤੇ ਭ੍ਰਿਸ਼ਟਾਚਾਰ ਜਾਰੀ ਰਹੇ । ਬਹਿਲ ਨੇ ਦੱਸਿਆ ਕੇ ਵਿਕਾਸ ਕਾਰਜ਼ਾਂ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਦੇ ਸਬੂਤ ਉਸ ਕੋਲ ਹਨ ਅਤੇ ਇਸ ਬਾਰੇ ਉਸਨੂੰ ਬਟਾਲਾ ਵਿਧਾਇਕ ਨੂੰ ਵੀ ਸੂਚਿਤ ਕੀਤਾ ਗਿਆ ਸੀ , ਪਰ ਬਟਾਲਾ ਵਿਧਾਇਕ ਦੀ ਇਸ ਭ੍ਰਿਸ਼ਟਾਂਚਾਰ ਵਿੱਚ ਮਿਲੀਭੁਗਤ ਹੋਣ ਕਰਕੇ ਉਸ ਵੱਲੋ ਇਸ ਮਾਮਲੇ ਨੂੰ ਅੱਖੋ ਓਹਲੇ ਕਰ ਦਿੱਤਾ ਗਿਆ ਹੈ । ਬਹਿਲ ਨੇ ਕਿਹਾ ਕੇ ਡੀਐਸਪੀ ਸਿਟੀ ਬਟਾਲਾ ਤੇ ਉਸਦੇ ਰੀਡਰ ਸੰਜ਼ੀਵ ਸ਼ਰਮਾਂ ਵੱਲੋ ਵਿਧਾਇਕ ਨੂੰ ਖੁਸ਼ ਕਰਨ ਲਈ ਉਸਨੂੰ ਲਗਾਤਾਰ ਝੂਠੇ ਮਾਮਲਿਆ ਵਿੱਚ ਫਸਾਇਆ ਜਾ ਰਿਹਾ ਹੈ । ਉਸਨੇ ਕਿਹਾ ਕਿ ਡੀਐਸਪੀ ਸਿਟੀ ਦਾ ਰੀਡਰ ਸ਼ੰਜੀਵ ਸ਼ਰਮਾਂ ਪਿਛਲੇ ਪੰਜ ਸਾਲ ਤੋਂ ਇੱਕ ਹੀ ਪੋਸਟ ਦੇ ਤਾਇਨਾਤ ਹੈ ਤੇ ਉਸਦੀ ਬਦਲੀ ਇਸ ਕਰਕੇ ਨਹੀ ਹੋ ਰਹੀ ਕਿਉਂਕਿ ਉਹ ਵਿਧਾਇਕ ਦੇ ਗੈਰਕਾਨੂੰਨੀ ਕੰਮਾਂ ਵਿੱਚ ਉਸਦਾ ਸਾਥ ਦੇ ਰਿਹਾ ਹੈ । ਪੱਤਰਕਾਰ ਵੱਲੋ ਪ੍ਰਧਾਨ ਮੰਤਰੀ ਨੂੰ ਭੇਜੀ ਸ਼ਿਕਾਇਤ ਤੇ ਸੰਘਿਆਣ ਲੈਂਦਿਆਂ ਸਹਾਇਕ ਚੀਫ ਸੈਕਟਰੀ ਪੰਜਾਬ ਨੂੰ ਭੇਜ ਕੇ ਇਸ ਸਬੰਧ ਵਿੱਚ ਪੰਜਾਬ ਸਰਕਾਰ ਕੋਲੋ ਜਵਾਬ ਤਲਬ ਕੀਤਾ ਗਿਆ ਹੈ ।
