



ਬਰਨਾਲਾ :Raid In Hotel:ਪ੍ਰਸ਼ਾਸਨ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਚੱਲ ਰਹੇ 11 ਹੋਟਲਾਂ ਵਿਰੁੱਧ ਕਾਰਵਾਈ ਕੀਤੀ ਹੈ। ਪ੍ਰਸ਼ਾਸਨ ਨੇ ਪਹਿਲਾਂ ਇਨ੍ਹਾਂ ਹੋਟਲਾਂ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਸਨ। ਬਾਅਦ ਵਿੱਚ ਦੇਰ ਸ਼ਾਮ ਇਨ੍ਹਾਂ ਨੂੰ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰਵਾਉਣ ਅਤੇ ਨਿਯਮਾਂ ਦਾ ਪਾਲਣ ਕਰਨ ਦਾ ਨਿਰਦੇਸ਼ ਦਿੱਤਾ ਸੀ। ਪੁਲਿਸ ਨੂੰ ਸ਼ੱਕ ਸੀ ਕਿ ਇਨ੍ਹਾਂ ਹੋਟਲਾਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਹੁੰਦੀਆਂ ਹਨ ਅਤੇ ਮੁੰਡੇ-ਕੁੜੀਆਂ ਗਲਤ ਕੰਮਾਂ ਲਈ ਆਉਂਦੇ ਹਨ। ਜਦੋਂ ਹੋਟਲਾਂ ‘ਤੇ ਛਾਪਾ ਮਾਰਿਆ ਗਿਆ ਤਾਂ ਕਮਰਿਆਂ ਵਿੱਚ ਵੱਡੀ ਗਿਣਤੀ ਵਿੱਚ ਮੁੰਡੇ-ਕੁੜੀਆਂ ਪਾਏ ਗਏ। ਪੁਲਿਸ ਨੇ ਸਾਰਿਆਂ ਨੂੰ ਹਿਰਾਸਤ ਵਿੱਚ ਲੈਕੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਪੁਲਿਸ ਸੂਤਰਾਂ ਅਨੁਸਾਰ, ਬਹੁਤ ਸਾਰੇ ਹੋਟਲਾਂ ਵਿੱਚ ਮੁੰਡਿਆਂ ਅਤੇ ਕੁੜੀਆਂ ਨੂੰ ਬਿਨਾਂ ਕਿਸੇ ਦਸਤਾਵੇਜ਼ ਦੀ ਵੈਰੀਫਿਕੇਸ਼ਨ ਤੋਂ ਕਮਰੇ ਦਿੱਤੇ ਗਏ ਸਨ। ਇਸ ਤੋਂ ਇਲਾਵਾ, ਇਨ੍ਹਾਂ ਹੋਟਲਾਂ ਕੋਲ ਫਾਇਰ ਸੇਫਟੀ ਸਰਟੀਫਿਕੇਟ ਅਤੇ ਬਿਲਡਿੰਗ ਸੇਫਟੀ ਸਰਟੀਫਿਕੇਟ ਵਰਗੇ ਜ਼ਰੂਰੀ ਦਸਤਾਵੇਜ਼ ਵੀ ਨਹੀਂ ਸਨ।
ਡੀਐਸਪੀ ਸਿਟੀ ਸਤਬੀਰ ਸਿੰਘ ਨੇ ਕਿਹਾ ਕਿ ਹਾਲ ਹੀ ਵਿੱਚ ਸ਼ਹਿਰ ਵਾਸੀਆਂ ਨੇ ਕੁਝ ਹੋਟਲਾਂ ਵਿਰੁੱਧ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਇਨ੍ਹਾਂ ਹੋਟਲਾਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਹਨ। ਪੁਲਿਸ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਸਾਰੇ ਸ਼ੱਕੀ ਹੋਟਲਾਂ ਵਿਰੁੱਧ ਇੱਕੋ ਸਮੇਂ ਕਾਰਵਾਈ ਕੀਤੀ।
ਕਾਰਵਾਈ ਦੌਰਾਨ ਹੋਟਲ ਵਿਵਾਨ, ਹੋਟਲ ਗ੍ਰੇਸ, ਹੋਟਲ ਵੈਲਿੰਗਟਨ, ਹੋਟਲ ਡਾਇਮੰਡ, ਹੋਟਲ ਸਿਮਰ, ਹੋਟਲ ਮਿਲਾਨ, ਹੋਟਲ ਕੈਨੇਡਾ, ਹੋਟਲ ਸਨਵਿਮਜ਼, ਹੋਟਲ ਟੇਸਟੀ ਟੱਚ, ਹੋਟਲ A23 ਅਤੇ ਹੋਟਲ ਰਾਇਲ ਸਿਟੀ ਨੂੰ ਨਿਸ਼ਾਨਾ ਬਣਾਇਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਿਸੇ ਕੋਲ ਵੀ ਹੋਟਲ ਚਲਾਉਣ ਲਈ ਜ਼ਰੂਰੀ ਦਸਤਾਵੇਜ਼ ਨਹੀਂ ਸਨ।
ਐਸਡੀਐਮ ਦੇ ਹੁਕਮਾਂ ਤਹਿਤ ਇਨ੍ਹਾਂ ਸਾਰੇ ਹੋਟਲਾਂ ਖ਼ਿਲਾਫ਼ ਅਗਲੇ ਨਿਰਦੇਸ਼ਾਂ ਤੱਕ ਕਾਰਵਾਈ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।





