



ਸ਼ਹਿਰ’ਚ ਦਿਨ ਦਿਹਾੜੇ ਪੱਤਰਕਾਰ ਅਤੇ ਉਸਦੇ ਭਰਾ ‘ਤੇ ਹਥਿਆਰਬੰਦ ਲੁਟੇਰਿਆਂ ਨੇ ਕੀਤਾ ਹਮਲਾ, ਨਗਦੀ ਖੋਹ ਕੇ ਫ਼ਰਾਰ
ਲੁਧਿਆਣਾ, ਸੁਖਚੈਨ ਮਹਿਰਾਂ: ਲੁਧਿਆਣਾ ਵਿੱਚ ਲੁੱਟ ਖੋਹ ਕਰਨ ਵਾਲਿਆਂ ਦੇ ਹੌਂਸਲੇ ਐਨੇ ਬਲੁੰਦ ਹੋ ਗਏ ਹਨ ਕਿ ਦਿਨ ਦਿਹਾੜੇ ਸ਼ਰੇਆਮ ਲੋਕਾਂ ਨੂੰ ਅਪਣਾ ਨਿਸ਼ਾਨਾ ਬਣਾ ਰਹੇ ਹਨ। ਥਾਣਾ ਡਵੀਜ਼ਨ ਨੰਬਰ ਪੰਜ ਤੋਂ ਪੰਜ ਸੌ ਮੀਟਰ ਦੀ ਦੂਰ ‘ਤੇ ਦੁਰਗਾ ਮਾਤਾ ਮੰਦਿਰ ਦੇ ਨਜਦੀਕ ਬਣੀ ਫੁੱਲਾਂ ਵਾਲੀ ਮਾਰਕੀਟ ਵਿੱਚ ਅੱਜ ਦਿਨ ਦਿਹਾੜੇ ਪੱਤਰਕਾਰ ਤੇ ਉਸ ਦੇ ਭਰਾ ਤੇ ਹਥਿਆਰਬੰਦ ਲੁਟੇਰਿਆਂ ਨੇ ਹਮਲਾ ਕਰਕੇ ਦਿੱਤਾ। ਦੋਵਾਂ ਨੇ ਲੁਟੇਰਿਆਂ ਦਾ ਮੁਕਬਲਾ ਕੀਤਾ। ਪਰ ਹਥਿਆਰਾਂ ਦੀ ਨੋਕ ਤੇ ਉਹ ਕਰੀਬ 26 ਹਜ਼ਾਰ ਦੀ ਨਗਦੀ ਖੋਹ ਕੇ ਫ਼ਰਾਰ ਹੋ ਗਏ। ਮੌਕੇ ਤੇ ਪਹੁੰਚੀ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੌਕੇ ਫੁੱਲਾਂ ਵਾਲੀਆਂ ਦੁਕਾਨਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜੇ ਵਿੱਚ ਲੈਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਜਨਕਪੁਰੀ ਦੇ ਰਹਿਣ ਵਾਲੇ ਪੱਤਰਕਾਰ ਮਨੀਸ਼ ਤਾਇਲ ਨੇ ਦੱਸਿਆ ਕਿ ਮੇਰੇ ਛੋਟੇ ਭਰਾ ਅਜੈ ਤਾਇਲ ਦਾ ਕਰੀਬ 12:10 ਤੇ ਫੋਨ ਆਇਆ ਕਿ ਮੇਰੇ ਪਿੱਛੇ ਕੁੱਝ ਸ਼ੱਕੀ ਬੰਦੇ ਲੱਗੇ ਹੋਏ ਹਨ ਤੇ ਮੈਂ ਜਗਰਾਓ ਪੁੱਲ ਤੋਂ ਹੁੰਦਾ ਹੋਇਆ ਦੁਰਗਾ ਮਾਤਾ ਮੰਦਿਰ ਵੱਲ ਆ ਰਿਹਾ ਹਾਂ। ਮੈਂ ਫੋਨ ਸੁਣਦੇ ਹੀ ਦੁਰਗਾ ਮਾਤਾ ਮੰਦਿਰ ਵੱਲ ਚੱਲ ਪਿਆ। ਮੈਂ ਤੇ ਮੇਰੇ ਭਰਾ ਦੁਰਗਾ ਮਾਤਾ ਮੰਦਿਰ ਕੋਲ ਪਹੁੰਚੇ ਹੀ ਸੀ ਕਿ ਚਾਰ ਪੰਜ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਫੁੱਲਾਂ ਵਾਲੀ ਮਾਰਕੀਟ ਵਿੱਚ ਸਾਡੇ ਤੇ ਹਮਲਾ ਕਰ ਦਿੱਤਾ।
ਉਨ੍ਹਾਂ ਅੱਗੇ ਦੱਸਿਆ ਕਿ ਉਹ ਆਪਣੇ ਆਪ ਨੂੰ ਰਿਕਵਰੀ ਵਾਲੇ ਦਸਦੇ ਹੋਏ ਭਰਾ ਦੀ ਸਕੂਟਰੀ ਖੋਹਣ ਲੱਗੇ ਤੇ ਕਦੇ ਕਹਿੰਦੇ ਪੈਸੇ ਲੇ ਲਓ। ਜਦੋਂ ਉਨ੍ਹਾਂ ਦੀ ਇਕ ਨਾ ਚੱਲੀ ਤਾਂ ਉਨ੍ਹਾਂ ਨੇ ਹਮਲਾ ਕਰ ਦਿੱਤਾ ਤੇ ਮੇਰੀ ਸ਼ਰਟ ਦੀ ਜੇਬ ਵਿਚੋ ਕਰੀਬ 26 ਹਜਾਰ ਰੁਪਏ ਕੱਢ ਕੇ ਭੱਜ ਗਏ। ਮਾਰਕੀਟ ਦੇ ਦੁਕਾਨਦਾਰਾਂ ਨੇ ਮਾਮਲਾ ਲੁੱਟ ਖੋਹ ਦਾ ਦੇਖ ਕੇ ਰੋਲ੍ਹਾ ਪਾ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਡਵੀਜ਼ਨ ਨੰਬਰ 8 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਜਿਸ ਤੋਂ ਬਾਅਦ ਏਐੱਸਆਈ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।





