



ਰਾਜਪੁਰਾ : Murder In Rajpura:ਪੁਰਾਣੀ ਤਕਰਾਰ ਦੇ ਮਾਮਲੇ ਵਿਚ ਇਕ ਵਿਅਕਤੀ ਉੱਤੇ ਹਮਲਾ ਕਰ ਕੇ ਉਸ ਨੂੰ ਜਾਨੋਂ ਮਾਰ ਦਿੱਤਾ ਗਿਆ। ਇਸ ਸਬੰਧੀ ਥਾਣਾ ਸ਼ੰਭੂ ਨੇ 21 ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਥਾਣਾ ਸ਼ੰਭੂ ਪੁਲਿਸ ਕੋਲ ਅਲੀ ਵਾਸੀ ਪਿੰਡ ਮਨਸੂਰ ਥਾਣਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਹਾਲ ਵਾਸੀ ਨੇੜੇ ਇੰਡੀਅਨ ਪੈਟਰੋਲ ਪੰਪ ਪਿੰਡ ਡਾਹਰੀਆਂ ਨੇ ਬਿਆਨ ਦਰਜ ਕਰਵਾਏ ਕੇ ਉਸ ਦਾ ਭਰਾ ਹਾਰੀਮ (45) ਆਪਣੇ ਭਤੀਜੇ ਮੱਖਣ ਦੀਨ ਨਾਲ ਮੱਝਾਂ ਚਾਰਨ ਲਈ ਨੇੜਲੇ ਰਿਲਾਇੰਸ ਪੰਪ ਪਿੰਡ ਬਪਰੋਰ ਕੋਲ ਜਾ ਰਿਹਾ ਸੀ ਤੇ ਉਹ ਵੀ ਉਨ੍ਹਾਂ ਤੋਂ ਕੁਝ ਦੂਰੀ ਉੱਤੇ ਸਨ।
ਇਸ ਦੌਰਾਨ 4 ਕਾਰਾਂ ਤੇ ਇਕ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਸ਼ਰੀਫ, ਫਰਮਾਨੂ, ਅਮਜੂ, ਸ਼ੋਕੂ, ਜਾਤੂ ਸਾਰੇ ਵਾਸੀਆਨ ਪਿੰਡ ਸੰਜੂਆ ਥਾਣਾ ਰਾਜਪਾਲ ਜ਼ਿਲ੍ਹਾ ਕਠੂਆ ਕਸ਼ਮੀਰ, ਬਾਗਾ ਵਾਸੀ ਪਿੰਡ ਹਰੀਆ ਚੱਕ ਕਸ਼ਮੀਰ, ਮੱਖਣ ਵਾਸੀ ਨੇੜੇ ਕਦੀਪ ਡੇਰਾ ਅੰਮ੍ਰਿਤਸਰ ਰੋਡ ਬਟਾਲਾ ਤੇ 11 ਹੋਰ ਅਣਪਛਾਤੇ ਵਿਅਕਤੀ ਤੇ ਤਿੰਨ ਅਣਪਛਾਤੀਆਂ ਔਰਤਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਭਰਾ ਹਾਰੀਮ ਉੱਤੇ ਹਮਲਾ ਕਰ ਦਿੱਤਾ।
ਜਦੋਂ ਉਹ ਖੁਦ ਅਤੇ ਉਸ ਦਾ ਭਤੀਜਾ ਛਡਾਉਣ ਲਈ ਗਏ ਤਾਂ ਮੁਲਜ਼ਮ ਉਹਨਾਂ ਦੇ ਪਿੱਛੇ ਪੈ ਗਏ ਅਤੇ ਉਹਨਾਂ ਨੇ ਮਸੋਂ ਭੱਜ ਕੇ ਜਾਨ ਬਚਾਈ, ਇਸ ਦੌਰਾਨ ਉਸ ਦੇ ਭਰਾ ਦੀ ਮੌਕੇ ਉੱਤੇ ਮੌਤ ਹੋ ਗਈ। ਇਸ ’ਤੇ ਥਾਣਾ ਸ਼ੰਭੂ ਪੁਲਿਸ ਨੇ ਬਿਆਨਾਂ ਦੇ ਅਧਾਰ ਉੱਤੇ ਤਿੰਨ ਔਰਤਾਂ ਸਮੇਤ 21 ਜਣਿਆਂ ਦੇ ਖਿਲਾਫ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।





