



ਬਿਕਰਮ ਸਿੰਘ ਮਜੀਠੀਆ ਨੂੰ ਅੱਜ 7 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਮੋਹਾਲੀ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਵੱਲੋਂ ਮਜੀਠੀਆ ਦੇ ਰਿਮਾਂਡ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਕੋਰਟ ਨੇ ਮਜੀਠੀਆ ਨੂੰ ਹੋਰ 4 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। 6 ਜੁਲਾਈ ਨੂੰ ਮੁੜ ਮਾਮਲੇ ਦੀ ਸੁਣਵਾਈ ਹੋਵੇਗੀ।
ਹੁਣ ਮੁੜ ਵਿਜੀਲੈਂਸ ਰਿਮਾਂਡ ‘ਤੇ ਬਿਕਰਮ ਮਜੀਠੀਆ ਰਹਿਣਗੇ। ਵਿਜੀਲੈਂਸ ਦੀ ਟੀਮ ਬਿਕਰਮ ਮਜੀਠੀਆ ਤੋਂ 4 ਦਿਨ ਹੋਰ ਪੁੱਛਗਿੱਛ ਕਰੇਗੀ। ਬਿਕਰਮ ਸਿੰਘ ਮਜੀਠੀਆ ਨੂੰ ਹੁਣ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੇ ਬੋਲਦਿਆਂ ਹੋਇਆ ਸਰਕਾਰ ਦੇ ਵਕੀਲ ਪ੍ਰੀਤ ਇੰਦਰਪਾਲ ਸਿੰਘ ਨੇ ਕਿਹਾ ਕਿ ਮਜੀਠੀਆ ਨੂੰ ਗੋਰਖਪੁਰ ਵੀ ਪੁਲਿਸ ਲਿਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਮਜੀਠੀਆ ਨੇ ਵਿਜੀਲੈਂਸ ਟੀਮ ਨੂੰ ਗੁੰਮਰਾਹ ਕੀਤਾ।
ਸਰਕਾਰ ਦੇ ਵਕੀਲ ਨੇ ਦਾਅਵਾ ਕੀਤਾ ਕਿ, ਸ਼ਿਮਲਾ ਅਤੇ ਮਜੀਠਾ ‘ਚ ਕੀਤੀ ਗਈ ਜਾਂਚ ਦੇ ਦੌਰਾਨ ਮਜੀਠੀਆ ਨੇ ਸਹਿਯੋਗ ਨਹੀਂ ਕੀਤਾ। ਸਰਕਾਰੀ ਵਕੀਲ ਨੇ ਇਹ ਵੀ ਕਿਹਾ ਕਿ, ਸ਼ਿਮਲਾ ਵਿੱਚ 402 ਹੈਕਟੇਅਰ ਬੇਨਾਮੀ ਜਾਇਦਾਦ ਦਾ ਪਤਾ ਲੱਗਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ 17 ਤੋਂ 18 ਖਾਤਿਆਂ ਵਿੱਚ 161 ਕਰੋੜ ਕੈਸ਼ ਜਮ੍ਹਾ ਹੋਏ। ਵਿਜੀਲੈਂਸ ਨੇ ਮੋਹਾਲੀ ਅਦਾਲਤ ਵਿੱਚ ਦਲੀਲ ਦਿੱਤੀ ਕਿ ਮਜੀਠੀਆ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ। ਉਸਨੂੰ ਦੂਜੇ ਰਾਜਾਂ ਵਿੱਚ ਵੀ ਲਿਜਾਣਾ ਪਵੇਗਾ। ਇਸ ਲਈ ਉਸਦਾ ਰਿਮਾਂਡ ਵਧਾਇਆ ਜਾਵੇ। ਅਦਾਲਤ ਨੇ ਬਿਊਰੋ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਉਸਨੂੰ 4 ਦਿਨਾਂ ਦਾ ਰਿਮਾਂਡ ਦੇ ਦਿੱਤਾ। ਇਸ ਤੋਂ ਪਹਿਲਾਂ ਅਦਾਲਤ ਵਿੱਚ ਪੇਸ਼ੀ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ ਸੀ। ਅਕਾਲੀ ਦਲ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਆਪਣੇ ਸਮਰਥਕਾਂ ਨਾਲ ਮਜੀਠੀਆ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ ਮੋਹਾਲੀ ਪਹੁੰਚੇ। ਉਸਨੂੰ ਅਦਾਲਤ ਵੱਲ ਆਉਂਦੇ ਦੇਖ ਪੁਲਿਸ ਨੇ ਉਸਨੂੰ ਘੇਰ ਲਿਆ।
ਇਸ ਤੋਂ ਬਾਅਦ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਦੌਰਾਨ ਸੁਖਬੀਰ ਬਾਦਲ ਦੀ ਪੰਜਾਬ ਪੁਲਿਸ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੋਈ। ਪੁਲਿਸ ਨੇ ਉਸਨੂੰ ਕਿਹਾ ਕਿ ਉਹ ਸੁਰੱਖਿਆ ਕਾਰਨਾਂ ਕਰਕੇ ਅਦਾਲਤ ਵੱਲ ਨਹੀਂ ਜਾ ਸਕਦਾ। ਇਸ ਤੋਂ ਬਾਅਦ ਅਕਾਲੀ ਵਰਕਰ ਗੁੱਸੇ ਵਿੱਚ ਆ ਗਏ। ਇਸ ਦੌਰਾਨ ਬਾਦਲ ਨੇ ਦੋਸ਼ ਲਗਾਇਆ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਪੂਰੇ ਸਿਸਟਮ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸਭ ਕੁਝ ਉਸਦੇ ਇਸ਼ਾਰੇ ‘ਤੇ ਹੋ ਰਿਹਾ ਹੈ।





