



ਲੁਧਿਆਣਾ ਚ ਸਰਕਾਰ ਖ਼ਿਲਾਫ਼ ਕਿਉਂ ਹੋਇਆ ਵੱਡਾ ਪ੍ਰਦਰਸ਼ਨ
*3704 ਅਧਿਆਪਕ ਯੂਨੀਅਨ ਵਲੋਂ ਲੁਧਿਆਣਾ ਵਿਖੇ ਆਪਣੀਆਂ ਮੰਗਾਂ ਮੰਨਵਾਉਣ ਲਈ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ*
*ਮਾਣਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਛੇਵਾਂ ਪੇਅ ਸਕੇਲ ਲਾਗੂ ਕਰਨ ਬਾਰੇ ਸਰਕਾਰ ਨੇ ਅਪਣਾਈ ਟਾਲਮਟੋਲ ਦੀ ਨੀਤੀ*
3704 ਅਧਿਆਪਕ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਲੁਧਿਆਣਾ ਵਿਖੇ ਭਰਵਾਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ 3704 ਅਧਿਆਪਕ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਸਾਡੀ 3704 ਮਾਸਟਰ ਕੇਡਰ ਭਰਤੀ ਦਾ ਇਸ਼ਤਿਹਾਰ 17 ਜੁਲਾਈ 2020 ਤੋਂ ਪਹਿਲਾਂ ਦਾ ਆਇਆ ਸੀ। ਪਰ ਵਿਭਾਗ ਵੱਲੋਂ ਸਾਡੇ ਉਪਰ ਧੱਕੇ ਨਾਲ ਸੈਂਟਰ ਦੇ ਅਧੂਰੇ ਪੇਅ- ਸਕੇਲ ਥੋਪ ਦਿੱਤੇ ਹਨ ਜਦੋਂ ਕਿ ਸਾਡੇ ਭਰਤੀ ਲਈ ਵਿੱਤ ਵਿਭਾਗ ਤੋਂ ਮਨਜੂਰੀ ਵੀ ਪੰਜਾਬ ਦੇ ਸਕੇਲਾਂ ਅਨੁਸਾਰ ਲਈ ਗਈ ਸੀ।ਇਸ ਸੰਬੰਧੀ ਅਸੀਂ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਕੇਸ ਜਿੱਤ ਗਏ। ਮਾਨਯੋਗ ਸੁਪਰੀਮ ਕੋਰਟ ਤੱਕ ਪਹੁੰਚ ਕੇ ਸਰਕਾਰ ਮਨਘੜਤ ਕੇਂਦਰੀ ਪੇਅ ਸਕੇਲ ਲਾਗੂ ਕਰਵਾਉਣ ਦੀ ਕੋਸ਼ਿਸ਼ ਵਿੱਚ ਰਹੀ। ਪ੍ਰੰਤੂ ਸੁਪਰੀਮ ਕੋਰਟ ਨੇ ਵੀ ਹਾਈਕੋਰਟ ਦੇ ਫੈਸਲੇ ਨੂੰ ਹੀ ਬਹਾਲ ਰੱਖਦੇ ਰੱਖਦੇ ਹੋਏ ਪੰਜਾਬ ਪੇਅ ਸਕੇਲ ਲਾਗੂ ਕਰਨ ਦੀ ਸਰਕਾਰ ਨੂੰ ਹਦਾਇਤ ਕੀਤੀ।
ਸਾਡੇ ਦੁਆਰਾ ਦਾਖਲ ਕੀਤੀ COCP ਵਿੱਚ ਮਾਣਯੋਗ ਹਾਈ ਕੋਰਟ ਸਰਕਾਰ ਨੂੰ 2 ਜੂਨ ਤੱਕ ਪੰਜਾਬ ਪੇਅ ਸਕੇਲ ਲਾਗੂ ਕਰਨ ਦੀ ਹਦਾਇਤ ਕੀਤੀ ਸੀ। ਪ੍ਰੰਤੂ ਹਾਲੇ ਤੱਕ ਵੀ ਸਰਕਾਰ ਹਾਈਕੋਰਟ ਅਤੇ ਸੁਪਰੀਮ ਕੋਰਟ ਦਾ ਫ਼ੈਸਲਾ ਮੰਨਣ ਤੋਂ ਇਨਕਾਰੀ ਹੈ।
ਇਹ ਜੋ ਸਰਕਾਰ ਬਦਲਾਵ ਦਾ ਹੋਕਾ ਦੇ ਕੇ ਸੱਤਾ ਵਿਚ ਆਈ ਸੀ ਅਤੇ ਚੋਣਾਂ ਤੋਂ ਪਹਿਲਾ ਇਹ ਅਧੂਰੇ ਕੇਂਦਰੀ ਪੇਅ -ਸਕੇਲ ਦੀ ਨਿਖੇਧੀ ਕਰਦੀ ਸੀ। ਹੁਣ ਇਹ ਸਰਕਾਰ ਅਧੂਰੇ ਕੇਂਦਰੀ ਪੇਅ ਸਕੇਲਾਂ ਦਾ ਸਮਰਥਨ ਕਰਦੀ ਹੈ। ਇਸ ਤੋਂ ਇਲਾਵਾ 3704 ਅਧਿਆਪਕ ਯੂਨੀਅਨ ਦੇ ਪ੍ਰਧਾਨ ਨੇ ਗੱਲਬਾਤ ਕਰਦੇ ਹੋਇਆ ਇਹ ਵੀ ਦੱਸਿਆ ਕਿ ਵਿਭਾਗ ਵਲੋਂ 3704 ਮਾਸਟਰ ਕੇਡਰ ਭਰਤੀ ਦੀਆਂ ਮੈਰਿਟ ਲਿਸਟਾਂ ਰਿਵਾਈਜ ਕੀਤੀਆਂ ਸਨ। ਜਿਸ ਕਾਰਨ ਸਾਡੇ ਕੁੱਝ ਅਧਿਆਪਕ ਸਾਥੀ ਮੈਰਿਟ ਲਿਸਟਾਂ ਵਿੱਚੋ ਬਾਹਰ ਕਰ ਦਿੱਤੇ ਗਏ। ਉਹ ਅਧਿਆਪਕ ਆਪਣਾ ਪਰਖਕਾਲ ਮੁਕੰਮਲ ਕਰਕੇ ਪਿਛਲੇ 4 ਸਾਲ ਤੋਂ ਸਿੱਖਿਆ ਵਿਭਾਗ ਵਿੱਚ ਪੱਕੇ ਕਰਮਚਾਰੀ ਵਜੋਂ ਆਪਣੀ ਸੇਵਾ ਨਿਭਾ ਰਹੇ ਹਨ। ਸਰਕਾਰ ਇਹ ਯਕੀਨੀ ਬਣਾਵੇ ਕਿ ਉਨ੍ਹਾਂ ਨੂੰ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਜੋ ਬਦਲੀਆਂ ਦਾ ਪੋਰਟਲ ਸਰਕਾਰ ਵਲੋਂ ਖੋਲ੍ਹਿਆ ਗਿਆ ਹੈ ਕੁਝ ਸਾਥੀਆਂ ਦੀ 2 ਸਾਲ ਦੀ ਸਟੇਅ ਦੀ ਸ਼ਰਤ ਪਿਛਲੀ ਬਦਲੀਆਂ 3 ਮਹੀਨੇ ਲੇਟ ਹੋਣ ਕਾਰਨ ਪੂਰੀ ਨਹੀਂ ਹੋ ਰਹੀ। ਉਹਨਾਂ ਨੂੰ ਬਦਲੀਆਂ ਅਪਲਾਈ ਕਰਨ ਦਾ ਮੌਕਾ ਦਿਤਾ ਜਾਵੇ।
ਇਸ ਉਪਰੰਤ SDM ਲੁਧਿਆਣਾ ਵੱਲੋ ਲਿਖਤੀ ਰੂਪ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ 14 ਜੂਨ ਨੂੰ ਮੀਟਿੰਗ ਦਿੱਤੀ ਗਈ ਅਤੇ ਇਹ ਮੀਟਿੰਗ DC ਲੁਧਿਆਣਾ ਵੱਲੋਂ ਆਪ ਕਰਵਾਈ ਜਾਵੇਗੀ।
ਅਧਿਆਪਕਾਂ ਨੇ ਦੱਸਿਆ ਕਿ ਜੇਕਰ ਇਸ ਮੀਟਿੰਗ ਵਿੱਚ ਕੋਈ ਠੋਸ ਹੱਲ ਨਹੀਂ ਹੋਇਆ ਜਾ ਮੀਟਿੰਗ ਕਿਸੇ ਵਜ੍ਹਾ ਅੱਗੇ ਕੀਤੀ ਗਈ ਤਾਂ 16 ਜੂਨ ਨੂੰ ਫਿਰ ਤੋਂ ਇਸੇ ਤਰ੍ਹਾਂ ਹੀ ਅਧਿਆਪਕਾਂ ਵੱਲੋਂ ਰੋਸ ਮਾਰਚ ਕੀਤਾ ਜਾਵੇਗਾ।
ਇਸ ਸਮੇਂ ਸੰਦੀਪ ਗਰਗ ਬਠਿੰਡਾ,ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਰਾਜੇਸ਼ਵਰ ਰਾਏ, ਜਗਜੀਵਨਜੋਤ ਸਿੰਘ, ਜਸਵਿੰਦਰ ਸਿੰਘ ਸ਼ਾਹਪੁਰ ਕਲਾਂ, ਦਵਿੰਦਰ ਅਲੀਸ਼ੇਰ,ਮਨਪ੍ਰੀਤ ਰਾਏਧਰਾਣਾ, ਸੁਰਜੀਤ ਦਿੜ੍ਹਬਾ,ਪੱਪੂ ਸਿੰਘ, ਵਿਕਰਮ ਸਿੰਘ, ਬਲਵੰਤ ਸਿੰਘ, ਦਵਿੰਦਰ ਖੇੜਾ, ਪ੍ਰਿੰਸਪਾਲ ਸਿੰਘ,ਹਰਮੀਤ ਸਿੰਘ, ਲਵਪ੍ਰੀਤ ਸਿੰਘ ਆਦਿ ਅਧਿਆਪਕ ਆਗੂ ਮੌਜੂਦ ਸਨ।





