



ਐੱਸਏਐੱਸ ਨਗਰ : Illegal Call Center: ਪੁਲਿਸ ਨੇ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਇਕ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੌਰਾਨ 6 ਵਿਅਕਤੀਆਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਕਪਤਾਨ ਪੁਲਿਸ (ਪੀਬੀਆਈ) ਦੀਪਿਕਾ ਸਿੰਘ ਅਨੁਸਾਰ ਇਹ ਗ਼ੈਰ-ਕਾਨੂੰਨੀ ਕਾਲ ਸੈਂਟਰ ਇੰਡਸਟਰੀਅਲ ਏਰੀਆ, ਫੇਜ਼ 8-ਬੀ, ਮੁਹਾਲੀ ’ਚ ਰੋਹਿਤ ਮਹਿਰਾ ਨਾਂ ਦੇ ਵਿਅਕਤੀ ਵੱਲੋਂ ਚਲਾਇਆ ਜਾ ਰਿਹਾ ਸੀ। ਇਹ ਸੈਂਟਰ ਲਗਪਗ 8 ਤੋਂ 10 ਦਿਨ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ, ਪਰ ਇੰਨੇ ਥੋੜ੍ਹੇ ਸਮੇਂ ’ਚ ਹੀ ਇਹ ਗਿਰੋਹ ਕਰੀਬ 20 ਹਜ਼ਾਰ ਡਾਲਰ (ਅੰਦਾਜ਼ਨ 16 ਲੱਖ ਰੁਪਏ) ਦੀ ਠੱਗੀ ਕਰ ਚੁੱਕਾ ਸੀ।
ਉਨ੍ਹਾਂ ਦੱਸਿਆ ਕਿ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਦੇ ਨਿਰਦੇਸ਼ਾਂ ’ਤੇ ਅਜਿਹੇ ਅਨਸਰਾਂ ਵਿਰੁੱਧ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੌਕੇ ‘ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ 6 ਮੁਲਜ਼ਮਾਂ ਨੂੰ 6 ਲੈਪਟਾਪ ਅਤੇ 03 ਮੋਬਾਈਲ ਫੋਨਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਹ ਮੁਲਜ਼ਮ ਵਿਦੇਸ਼ੀ ਨਾਗਰਿਕਾਂ ਨੂੰ ਗੂਗਲ ਐਡ ਰਾਹੀਂ ਆਪਣੇ ਜਾਲ ’ਚ ਫਸਾਉਂਦੇ ਸਨ ਅਤੇ ਝੂਠੇ ਮੈਸੇਜਾਂ ਜਾਂ ਪਾਪ-ਅੱਪਸ ਰਾਹੀਂ ਇਹ ਦੱਸਦੇ ਸਨ ਕਿ ਉਨ੍ਹਾਂ ਦੇ ਕੰਪਿਊਟਰ ਜਾਂ ਲੈਪਟਾਪ ’ਚ ਤਕਨੀਕੀ ਖ਼ਾਮੀ ਆ ਗਈ ਹੈ। ਫ਼ਿਰ ਉਨ੍ਹਾਂ ਤੋਂ ਆਪਣੇ ਨੰਬਰਾਂ ‘ਤੇ ਕਾਲ ਕਰਵਾਈ ਜਾਂਦੀ ਸੀ, ਠੱਗੀ ਦੇ ਜਾਲ ’ਚ ਫਸੇ ਵਿਅਕਤੀਆਂ ਤੋਂ ਐਂਟੀ-ਵਾਇਰਸ ਜਾਂ ਸਿਸਟਮ ਅਪਡੇਟ ਦੇ ਨਾਂ ‘ਤੇ ਐਪਲ ਜਾਂ ਵਾਲਮਾਰਟ ਗਿਫ਼ਟ ਕਾਰਡ ਖ਼ਰੀਦਣ ਲਈ ਕਿਹਾ ਜਾਂਦਾ ਸੀ,
ਜਿਸ ਦੇ ਕੋਡ ਲੈ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਜਾਂਦੀ ਸੀ। ਇਸ ਕਾਲ ਸੈਂਟਰ ਦਾ ਮਾਸਟਰ ਮਾਈਂਡ ਐਲਕਸ ਨਾਮ ਦਾ ਵਿਅਕਤੀ ਹੈ, ਜੋ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਸਬੰਧੀ ਮੁਕੱਦਮਾ ਨੰ. 193 ਮਿਤੀ 09 ਜੁਲਾਈ 2025 ਅਧੀਨ ਧਾਰਾਵਾਂ 318(4), 61(2) ਬੀਐੱਨਐੱਸ ਥਾਣਾ ਫੇਸ 1, ਐੱਸਏਐੱਸ ਨਗਰ ਵਿਖੇ ਦਰਜ ਕੀਤਾ ਗਿਆ ਹੈ।





