



Husband Cuts Wifes Hair:ਬਠਿੰਡਾ: ਇੱਕ ਪਾਸੇ ਪੰਜਾਬ ਸਰਕਾਰ ਦੁਆਰਾ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਵਿੱਚ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਤ ਜਿੱਥੇ ਵੱਡੇ-ਵੱਡੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਤੇ ਵੱਡੇ ਪੱਧਰ ‘ਤੇ ਨਸ਼ਿਆਂ ਦੀਆਂ ਖੇਪਾਂ ਬਰਾਮਦ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਨਸ਼ੇ ਨਾਲ ਹੋਈਆਂ ਮੌਤਾਂ ਜਾਂ ਨਸ਼ੇ ‘ਚ ਧੁੱਤ ਵੱਲੋਂ ਕੀਤਾ ਕੋਈ ਕਾਰਾ ਇੰਨ੍ਹਾਂ ਕਾਰਵਾਈਆਂ ਦਾ ਨੱਕ ਚਿੜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਦੇ ਪਰਸਰਾਮ ਨਗਰ ਵਿੱਚ ਮੰਦਿਰ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦਾ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਨੇ ਇਹ ਇਲਜ਼ਾਮ ਲਗਾਇਆ ਕਿ ਮੇਰਾ ਪਤੀ ਅਤੇ ਦਿਓਰ ਚਿੱਟਾ ਲਾਉਂਦੇ ਹਨ ਅਤੇ ਨਸ਼ੇ ਦੇ ਆਦੀ ਹਨ। ਜਿਨ੍ਹਾਂ ਨੇ ਸਾਡਾ ਸਾਰਾ ਘਰ ਅਤੇ ਬਾਹਰ ਵੇਚ ਦਿੱਤਾ ਅਤੇ ਘਰ ਦਾ ਸਮਾਨ ਵੀ ਵੇਚ ਦਿੱਤਾ। ਇੱਥੋਂ ਤੱਕ ਕਿ ਮੇਰੇ ਨਾਲ ਵੱਡੇ ਪੱਧਰ ‘ਤੇ ਕੁੱਟਮਾਰ ਕੀਤੀ ਗਈ ਹੈ। ਨਸ਼ੇ ਲਈ ਪਤਨੀ ਦੇ ਵਾਲ ਵੇਚੇ
ਮਹਿਲਾ ਨੇ ਇਲਜ਼ਾਮ ਲਗਾਇਆ ਕਿ “ਮੇਰੇ ਪਤੀ ਨੇ ਨਸ਼ੇ ਦੀ ਪੂਰਤੀ ਲਈ ਮੇਰੇ ਸਿਰ ਦੇ ਵਾਲ ਵੀ ਕੱਟ ਕੇ ਵੇਚ ਦਿੱਤੇ। 8 ਤੋਂ 9 ਸਾਲ ਪਹਿਲਾਂ ਮੇਰਾ ਵਿਆਹ ਪਰਸਰਾਮ ਨਗਰ ਵਿੱਚ ਹੋਇਆ ਸੀ। ਮੇਰਾ ਪਤੀ ਅਤੇ ਦਿਓਰ ਨਸ਼ੇ ਦੇ ਆਦੀ ਹਨ ਅਤੇ ਮੇਰੀ ਕੁੱਟਮਾਰ ਕਰਦੇ ਸਨ। ਮੇਰੇ 2 ਬੱਚੇ ਹਨ, ਇੱਕ ਬੇਟੀ ਅਤੇ ਇੱਕ ਬੇਟਾ। ਸਾਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ ਹੈ ਅਤੇ ਪਿਛਲੇ 10 ਤੋਂ 12 ਦਿਨਾਂ ਤੋਂ ਖੁੱਲ੍ਹੇ ਅਸਮਾਨ ਦੇ ਵਿੱਚ ਰਹਿ ਰਹੇ ਹਾਂ ਅਤੇ ਇੱਥੇ ਆਂਢ-ਗੁਆਂਢ ਦੇ ਲੋਕ ਹੀ ਸਾਨੂੰ ਰੋਟੀ ਪਾਣੀ ਦਿੰਦੇ ਹਨ। ਮੈਂ ਚਾਹੁੰਦੀ ਹਾਂ ਕਿ ਸਰਕਾਰ ਉਨ੍ਹਾਂ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਅਤੇ ਉਸ ਨੂੰ ਰਹਿਣ ਲਈ ਛੱਤ ਦੇਵੇ।”
ਸਰਕਾਰ ਜਾਂ ਪ੍ਰਸ਼ਾਸਨ ਫੜੇ ਬਾਂਹ
ਦੂਜੇ ਪਾਸੇ ਮਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਇਹ ਬਹੁਤ ਬੁਰੀ ਹਾਲਤ ਵਿੱਚ ਆਈ ਸੀ। ਹੁਣ ਅਸੀਂ ਇਸ ਨੂੰ ਰੋਟੀ ਪਾਣੀ ਦਿੰਦੇ ਹਾਂ ਪਰ ਅਸੀਂ ਚਾਹੁੰਦੇ ਹਾਂ ਸਰਕਾਰ ਜਾਂ ਪ੍ਰਸ਼ਾਸਨ ਇਸ ਦੀ ਬਾਂਹ ਫੜੇ। ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਕਿਹਾ ਕਿ “ਇਹ ਮਹਿਲਾ ਉਸ ਦੇ ਗੁਆਂਢ ‘ਚ ਹੀ ਵਿਆਹ ਕੇ ਆਈ ਸੀ। ਅੱਜ ਇਸ ਦੇ ਪਤੀ ਨੇ ਨਸ਼ੇ ਲਈ ਇਸ ਦਾ ਇਹ ਹਾਲ ਕਰ ਦਿੱਤਾ ਤੇ ਇਸ ਨੂੰ ਬੱਚਿਆਂ ਸਮੇਤ ਘਰੋਂ ਬਾਹਰ ਕੱਢ ਦਿੱਤਾ। ਪਹਿਲਾਂ ਤਾਂ ਮੇਰੇ ਕੋਲੋਂ ਵੀ ਪਛਾਣੀ ਨਹੀਂ ਗਈ ਪਰ ਇਸ ਦਾ ਇਹ ਹਾਲ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਤੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ।”
ਪੁਲਿਸ ਕਰ ਰਹੀ ਕਾਰਵਾਈ
ਇਸ ਸੰਬੰਧ ਵਿੱਚ ਐਸਪੀ ਸਿਟੀ ਨਰਿੰਦਰ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ “ਪੀੜਤ ਮਹਿਲਾ ਦੀ ਸ਼ਿਕਾਇਤ ‘ਤੇ ਉਸ ਦੇ ਪਤੀ ਖਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮਾਮਲੇ ਸਬੰਧੀ ਸਾਨੂੰ ਜਾਣਕਾਰੀ ਮਿਲੀ ਸੀ ਤੇ ਮਹਿਲਾ ਦੇ ਬਿਆਨਾਂ ‘ਤੇ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਜੇ ਉਸ ਦਾ ਪਤੀ ਨਸ਼ੇ ਦਾ ਆਦੀ ਹੈ ਅਤੇ ਸਪਲਾਈ ਕਰਦਾ ਹੋਇਆ ਤਾਂ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਨਹੀਂ ਤਾਂ ਉਸ ਨੂੰ ਨਸ਼ਾ ਛੁਡਾਊ ਕੇਂਦਰ ‘ਚ ਭਰਤੀ ਕਰਵਾਇਆ ਜਾਵੇਗਾ।”





