



ਹੁਸ਼ਿਆਰਪੁਰ ਟਾਂਡਾ ਦੇ ਮੁਹੱਲਾ ਅਈਆਪੁਰ ਵਿੱਚ ਇੱਕ ਪਰਿਵਾਰ ਨਾਲ ਤੜਕੇ ਸਵੇਰੇ ਵੱਡਾ ਭਾਣਾ ਵਾਪਰਿਆ। ਇੱਕ ਦੋ ਮੰਜ਼ਿਲਾ ਮਕਾਨ ਦੀ ਛੱਤ ਅਚਾਨਕ ਡਿੱਗ ਗਈ। ਮਲਬੇ ਹੇਠਾਂ ਦੱਬਣ ਕਾਰਨ ਘਰ ਵਿੱਚ ਮੌਜੂਦ 3 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਹੋਰ ਲੋਕ ਗੰਭੀਰ ਜ਼ਖਮੀ ਹੋਏ ਹਨ। ਮ੍ਰਿਤਕਾਂ ਦੀ ਪਛਾਣ ਸ਼ੰਕਰ ਮੰਡਲ, ਸ਼ਿਵਾਨੀ ਅਤੇ ਪੂਜਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਵਾਸੀ ਸ਼ੰਕਰ ਮੰਡਲ ਆਪਣੀਆਂ 4 ਧੀਆਂ ਅਤੇ ਪਤਨੀ ਨਾਲ ਇਸ ਘਰ ਵਿੱਚ ਰਹਿੰਦਾ ਸੀ। ਸ਼ੰਕਰ ਮੰਡਲ ਮਜ਼ਦੂਰੀ ਦਾ ਕੰਮ ਕਰਦਾ ਸੀ। ਅੱਜ ਸਵੇਰੇ 5:30 ਵਜੇ ਦੇ ਕਰੀਬ ਅਚਾਨਕ ਦੋ ਮੰਜ਼ਿਲਾ ਪੂਰਾ ਘਰ ਡਿੱਗ ਗਿਆ, ਜਿਸ ਵਿੱਚ ਪੂਰਾ ਪਰਿਵਾਰ ਦੱਬ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਮੁਹੱਲੇ ਦੇ ਵਸਨੀਕ ਰੂਰੰਤ ਮੌਕੇ ‘ਤੇ ਪਹੁੰਚੇ। ਮੁਹੱਲਾ ਵਾਸੀਆਂ ਨੇ ਤੁਰੰਤ ਪਰਿਵਾਰ ਦੀ ਮਦਦ ਕੀਤੀ ਅਤੇ ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ। ਇਸ ਹਾਦਸੇ ਵਿੱਚ ਸ਼ੰਕਰ ਮੰਡਲ ਅਤੇ ਉਸ ਦੀਆਂ 2 ਧੀਆਂ ਸ਼ਿਵਾਨੀ ਅਤੇ ਪੂਜਾ ਦੀ ਮੌਤ ਹੋ ਗਈ। ਸ਼ੰਕਰ ਮੰਡਲ ਦੀ ਪਤਨੀ ਅਤੇ 2 ਹੋਰ ਧੀਆਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਟਾਂਡਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।





