



ਬਿਊਰੋ:health alert for jalebi or samosa:ਹੁਣ ਜਲੇਬੀ ਦੀ ਮਿਠਾਸ ਅਤੇ ਸਮੋਸੇ ਦੇ ਸੁਆਦ ਦੇ ਨਾਲ ਹੈਲਥ ਅਲਰਟ ਵੀ ਆਏਗਾ। ਦਰਅਸਲ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਦੇਸ਼ ਭਰ ਦੇ ਕੇਂਦਰੀ ਅਦਾਰਿਆਂ ਨੂੰ “Oil and Sugar Board” ਲਗਾਉਣ ਦੇ ਆਦੇਸ਼ ਦਿੱਤੇ ਹਨ। ਇਸ ਦਾ ਮਤਲਬ ਹੈ ਕਿ, ਹੁਣ ਵਿਕਰੇਤਾਵਾਂ ਨੂੰ ਦੱਸਣਾ ਪਵੇਗਾ ਕਿ ਉਹ ਜੋ ਸਨੈਕਸ ਪਰੋਸ ਰਹੇ ਹਨ ਉਸ ਦਾ ਸਿਹਤ ‘ਤੇ ਕਿੰਨਾ ਮਾੜਾ ਅਸਲ ਪੈਂਦਾ ਹੈ ਜਾਂ ਇਸ ਵਿੱਚ ਕਿੰਨੀ ਖੰਡ ਜਾਂ ਕੋਈ ਹੋਰ ਪਦਾਰਥ ਹੈ। ਇਹ ਕਦਮ ਜੰਕ ਫੂਡ ਨੂੰ ਸਿਗਰਟ ਵਾਂਗ ਖ਼ਤਰਨਾਕ ਐਲਾਨਣ ਦੀ ਸ਼ੁਰੂਆਤ ਹੈ। ਜਲਦੀ ਹੀ, ਲੱਡੂ, ਵੜਾ ਪਾਵ ਅਤੇ ਪਕੌੜੇ ਵਰਗੇ ਸਨੈਕਸ ਦੇ ਪਿੱਛੇ ਵੀ ਚਿਤਾਵਨੀ ਦੇ ਬੋਰਡ ਦਿਖਾਈ ਦੇਣਗੇ, ਜੋ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਣਗੇ। ਮਿਸਾਲ ਵਜੋਂ ਜੇਕਰ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਇੱਕ ਸਮੋਸੇ ਵਿੱਚ ਕਿੰਨਾ ਤੇਲ ਹੈ, ਤਾਂ ਕੀ ਤੁਸੀਂ ਦੂਜਾ ਖਾਣ ਤੋਂ ਪਹਿਲਾਂ ਦੋ ਵਾਰ ਨਹੀਂ ਸੋਚੋਗੇ?
ਰਿਪੋਰਟਾਂ ਮੁਤਾਬਕ ਏਮਜ਼ ਨਾਗਪੁਰ ਨੇ ਇਸ ਆਦੇਸ਼ ਦੀ ਪੁਸ਼ਟੀ ਕੀਤੀ ਹੈ। ਜਲਦੀ ਹੀ ਇਹ ਚਿਤਾਵਨੀ ਬੋਰਡ ਉੱਥੋਂ ਦੀਆਂ ਕੰਟੀਨਾਂ ਅਤੇ ਜਨਤਕ ਥਾਵਾਂ ‘ਤੇ ਲਾਏ ਜਾਣਗੇ। ਕਾਰਡੀਓਲਾਜੀਕਲ ਸੁਸਾਇਟੀ ਆਫ਼ ਇੰਡੀਆ ਦੇ ਨਾਗਪੁਰ ਚੈਪਟਰ ਦੇ ਪ੍ਰਧਾਨ ਅਮਰ ਅਮਾਲੇ ਨੇ ਕਿਹਾ, “ਇਹ ਫੂਡ ਲੇਬਲਿੰਗ ਨੂੰ ਸਿਗਰਟ ਚਿਤਾਵਨੀਆਂ ਜਿੰਨਾ ਗੰਭੀਰ ਬਣਾਉਣ ਵੱਲ ਪਹਿਲਾ ਕਦਮ ਹੈ। ਖੰਡ ਅਤੇ ਟ੍ਰਾਂਸ ਫੈਟ ਹੁਣ ਨਵਾਂ ‘ਤੰਬਾਕੂ’ ਹਨ। ਲੋਕਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਉਹ ਕੀ ਖਾ ਰਹੇ ਹਨ।” ਇਹ ਮੰਨਿਆ ਜਾਂਦਾ ਹੈ ਕਿ ਫਾਸਟ ਫੂਡ ‘ਤੇ ਪਾਬੰਦੀ ਲਗਾਉਣ ਦੀ ਬਜਾਏ, ਸਰਕਾਰ ਲੋਕਾਂ ਨੂੰ ਚਿਤਾਵਨੀ ਬੋਰਡਾਂ ਦੀ ਮਦਦ ਨਾਲ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦੇਵੇਗੀ। ਇਸ ਦਾ ਮਤਲਬ ਹੈ ਕਿ ਹੁਣ ਹਰ ਸੁਆਦੀ ਨਾਸ਼ਤੇ ‘ਤੇ ਇੱਕ ਬੋਰਡ ਹੋਵੇਗਾ, “ਖਾਓ, ਪਰ ਧਿਆਨ ਨਾਲ ਸੋਚੋ।”
ਦੱਸ ਦੇਈਏ ਕਿ ਭਾਰਤ ਵਿੱਚ ਮੋਟਾਪੇ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ 2050 ਤੱਕ, 44.9 ਕਰੋੜ ਭਾਰਤੀ ਮੋਟੇ ਹੋਣਗੇ। ਇਸ ਤੋਂ ਬਾਅਦ ਭਾਰਤ ਇਸ ਮਾਮਲੇ ਵਿੱਚ ਸਿਰਫ ਅਮਰੀਕਾ ਤੋਂ ਪਿੱਛੇ ਰਹੇਗਾ। ਇਸ ਵੇਲੇ ਸ਼ਹਿਰੀ ਖੇਤਰਾਂ ਵਿੱਚ ਹਰ ਪੰਜਵਾਂ ਬਾਲਗ ਮੋਟਾਪੇ ਨਾਲ ਜੂਝ ਰਿਹਾ ਹੈ। ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਅਤੇ ਘੱਟ ਸਰੀਰਕ ਸਰਗਰਮੀਆਂ ਕਾਰਨ ਬੱਚਿਆਂ ਵਿੱਚ ਮੋਟਾਪਾ ਵੀ ਵੱਧ ਰਿਹਾ ਹੈ। ਇਹ ਅੰਕੜੇ ਚਿੰਤਾਜਨਕ ਹਨ।
ਸਿਹਤ ਮੰਤਰਾਲੇ ਦਾ ਇਹ ਕਦਮ ਖਾਣ-ਪੀਣ ਦੀਆਂ ਆਦਤਾਂ ‘ਤੇ ਨਜ਼ਰ ਰੱਖਣ ਦੀ ਕੋਸ਼ਿਸ਼ ਹੈ। ਇਹ ਬੋਰਡ ਨਾ ਸਿਰਫ਼ ਚਿਤਾਵਨੀ ਦੇਣਗੇ ਬਲਕਿ ਲੋਕਾਂ ਨੂੰ ਆਪਣੀ ਸਿਹਤ ਬਾਰੇ ਸੋਚਣ ਦਾ ਮੌਕਾ ਵੀ ਦੇਣਗੇ।





