



ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਬੁੱਧਵਾਰ ਨੂੰ ਸੀ-ਫਲੱਡ ਨਾਮੀ ਵੈੱਬ ਆਧਾਰਿਤ ਹੜ੍ਹ ਦੀ ਭਵਿੱਖਬਾਣੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ। ਇਸ ਨੂੰ ਦੋ ਦਿਨ ਪਹਿਲਾਂ ਤੱਕ ਪਿੰਡ ਪੱਧਰ ’ਤੇ ਚਿਤਾਵਨੀ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ।
ਇਸ ਪ੍ਰਣਾਲੀ ਨੂੰ ਕੇਂਦਰੀ ਜਲ ਆਯੋਗ (ਸੀਡਬਲਯੂਸੀ), ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ (ਸੀ-ਡੈੱਕ) ਤੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐੱਨਆਰਐੱਸਸੀ) ਨੇ ਵਿਕਸਤ ਕੀਤਾ ਹੈ। ਇਸ ਨੂੰ ਇਲੈਕਟ੍ਰਾਨਿਕਸ ਤੇ ਸੂਚਨਾ ਤਕਨੀਕੀ ਮੰਤਰਾਲੇ (ਮੈਤੀ) ਤੇ ਵਿਗਿਆਨ ਤੇ ਤਕਨੀਕੀ ਵਿਭਾਗ (ਡੀਐੱਸਟੀ) ਵੱਲੋਂ ਸਾਂਝੇ ਤੌਰ ’ਤੇ ਸੰਚਾਲਿਤ ਰਾਸ਼ਟਰੀ ਸੁਪਰਕੰਪਿਊਟਿੰਗ ਮਿਸ਼ਨ (ਐੱਨਐੱਸਐੱਮ) ਦੇ ਤਹਿਤ ਸ਼ੁਰੂ ਕੀਤਾ ਗਿਆ ਹੈ। ਪਾਟਿਲ ਨੇ ਕਿਹਾ, ‘ਇਹ ਭਾਰਤ ਦੀ ਹੜ੍ਹ ਮੈਨੇਜਮੈਂਟ ਯਾਤਰਾ ’ਚ ਇਕ ਤਬਦੀਲੀ ਵਾਲਾ ਕਦਮ ਹੈ।’ ਉਨ੍ਹਾਂ ਸੀਡਬਲਯੂਸੀ ਤੇ ਸਬੰਧਤ ਸੰਸਥਾਵਾਂ ਨੂੰ ਹੜ੍ਹ ਅਧਿਐਨ ਲਈ ਇਕ ਰਾਸ਼ਟਰੀ ਯੋਜਨਾ ਤਿਆਰ ਕਰਨ ਤੇ ਸਾਰੇ ਮੁੱਖ ਨਦੀ ਬੇਸਿਨ ਤੱਕ ਕਵਰੇਜ ਦਾ ਵਿਸਥਾਰ ਕਰਨ ਦੀ ਵੀ ਹਦਾਇਤ ਦਿੱਤੀ। ਮੌਜੂਦਾ ਸਮੇਂ ’ਚ ਇਹ ਪ੍ਰਣਾਲੀ 2-ਡੀ ਹਾਈਡ੍ਰੋਡਾਇਨਾਮਿਕ ਮਾਡਲ ਦੀ ਵਰਤੋਂ ਕਰ ਕੇ ਮਹਾਨਦੀ, ਗੋਦਾਵਰੀ ਤੇ ਤਾਪੀ ਨਦੀ ਬੇਸਿਨ ਲਈ ਅਸਲ ਸਮੇਂ ਦੇ ਹੜ੍ਹ ਦੇ ਮੈਪ ਤੇ ਪਾਣੀ ਦੇ ਪੱਧਰ ਦੀ ਭਵਿੱਖਬਾਣੀ ਕਰਦੀ ਹੈ।
ਪਾਟਿਲ ਨੇ ਰਾਸ਼ਟਰੀ ਆਫ਼ਤ ਮੈਨੇਜਮੈਂਟ ਐਮਰਜੈਂਸੀ ਪ੍ਰਤੀਕਿਰਿਆ ਪੋਰਟਲ ਨਾਲ ਭਵਿੱਖਬਾਣੀਆਂ ਨੂੰ ਏਕੀਕਰਿਤ ਕਰਨ ਤੇ ਸੈਟੇਲਾਈਟ ਤੇ ਜ਼ਮੀਨੀ ਹਵਾਲਗੀ ਰਾਹੀਂ ਸਟੀਕਤਾ ’ਚ ਸੁਧਾਰ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਉਨ੍ਹਾਂ ਐਕਸ ’ਤੇ ਇਕ ਪੋਸਟ ’ਚ ਦੱਸਿਆ ਕਿ ਉਨ੍ਹਾਂ ਪਾਣੀ ਦੇ ਖੇਤਰ ’ਚ ਏਆਈ ਤੇ ਇੰਟਰਨੈੱਟ ਆਫ ਥਿੰਗਸ ਵਰਗੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ’ਤੇ ਕੇਂਦਰੀ ਇਲੈਕਟ੍ਰਾਮਿਕਸ ਤੇ ਸੂਚਨਾ ਤਕਨੀਕੀ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਚਰਚਾ ਕੀਤੀ ਹੈ। ਇਸ ਵਿਚਾਲੇ, ਸੀਡਬਲਯੂਸੀ ਨੇ ਬੁੱਧਵਾਰ ਨੂੰ ਦੱਸਿਆ ਕਿ 11 ਨਦੀ ਨਿਗਰਾਨੀ ਕੇਂਦਰਾਂ ’ਤੇ ਪਾਣੀ ਦਾ ਪੱਧਰ ਚਿਤਾਵਨੀ ਪੱਧਰ ਨੂੰ ਪਾਰ ਕਰ ਗਿਆ ਹੈ। ਹਾਲਾਂਕਿ ਕਿਸੇ ਵੀ ਸਥਾਨ ’ਤੇ ਇਹ ਖ਼ਤਰੇ ਜਾਂ ਵਾਧੂ ਹੜ੍ਹ ਦੀ ਹੱਦ ਤੱਕ ਨਹੀਂ ਪਹੁੰਚਿਆ ਹੈ।





