



ਰੋਹਤਾਂਗ ਦੱਰੇ ਨੇੜੇ ਐਤਵਾਰ ਨੂੰ ਇਕ ਕਾਰ ਬੇਕਾਬੂ ਹੋ ਕੇ ਰਾਹਨੀ ਨਾਲ਼ੇ ’ਚ ਡਿੱਗ ਗਈ। ਇਸ ਹਾਦਸੇ ’ਚ ਕਾਰ ਸਵਾਰ ਪੰਜ ਵਿਅਕਤੀਆਂ ’ਚੋਂ ਚਾਰ ਦੀ ਮੌਤ ਹੋ ਗਈ ਜਦਕਿ ਇਕ ਜ਼ਖ਼ਮੀ ਹੋ ਗਿਆ। ਦੋ ਮ੍ਰਿਤਕ ਤੇ ਜ਼ਖ਼ਮੀ ਵਿਅਕਤੀ ਪੰਜਾਬ ਦੇ ਰਹਿਣ ਵਾਲੇ ਹਨ। ਜਾਣਕਾਰੀ ਮੁਤਾਬਕ ਆਲਟੋ ਕਾਰ (ਐੱਚਪੀ 01 ਕੇ 78500) ਪਰਮਿਟ ਹਾਸਲ ਕਰ ਕੇ ਰੋਹਤਾਂਗ ਗਈ ਸੀ। ਰਾਹਨੀ ਨਾਲੇ ਨੇੜੇ ਕਾਰ ਕਾਬੂ ਤੋ ਬਾਹਰ ਹੋ ਕੇ ਖੱਡ ’ਚ ਡਿੱਗ ਗਈ। ਇਸ ਹਾਦਸੇ ’ਚ ਕਾਰ ਸਵਾਰ ਰਣਜੀਤ ਕੁਮਾਰ ਵਾਸੀ ਦਸੂਹਾ, ਹਰਵਿੰਦਰ ਵਾਸੀ ਹੁਸ਼ਿਆਰਪੁਰ, ਡਿਮਾ ਰਾਮ ਵਾਸੀ ਮੰਡੀ ਤੇ ਨਰਿੰਦਰ ਕੁਮਾਰ ਵਾਸੀ ਮਨਾਲੀ ਦੀ ਮੌਤ ਹੋ ਗਈ ਜਦਕਿ ਰਵੀ ਕੁਮਾਰ ਵਾਸੀ ਮੁਕੇਰੀਆਂ, ਹੁਸ਼ਿਆਰਪੁਰ ਗੰਭੀਰ ਜ਼ਖ਼ਮੀ ਹੋ ਗਿਆ। ਡੀਐੱਸਪੀ ਮਨਾਲੀ ਕੇਡੀ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਮਨਾਲੀ ਲਿਆਂਦੀਆਂ ਗਈਆਂ ਹਨ ਜਦਕਿ ਜ਼ਖ਼ਮੀ ਵਿਅਕਤੀ ਨੂੰ ਮੁੱਢਲੇ ਇਲਾਜ ਤੋਂ ਬਾਅਦ ਕੁੱਲੂ ਰੈਫਰ ਕੀਤਾ ਗਿਆ ਹੈ। ਹਾਦਸੇ ਦੇ ਸਬੰਧ ‘ਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਉਨ੍ਹਾਂ ਐਕਸ ‘ਤੇ ਕਿਹਾ ਕਿ ਮਨਾਲੀ ‘ਚ ਹੋਈ ਸੜਕ ਦੁਰਘਟਨਾ ‘ਚ ਚਾਰ ਲੋਕਾਂ ਦੀ ਦੁਖਦਾਈ ਮੌਤ ਅਤੇ ਇਕ ਹੋਰ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੀ ਖ਼ਬਰ ਬਹੁਤ ਹੀ ਹਿਰਦਯ ਵਿਦਾਰਕ ਹੈ। ਉਨ੍ਹਾਂ ਸਥਾਨਕ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਹੈ ਕਿ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ ਯੋਗ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਜਾਵੇ।





