



ਬਿਊਰੋ:Babbu Mann On Sidhu mosewala:ਪੰਜਾਬੀ ਸੰਗੀਤ ਇੰਡਸਟਰੀ ਦੇ ਦੋ ਦਿੱਗਜ ਕਲਾਕਾਰਾਂ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਦੇ ਸਬੰਧਾਂ ਬਾਰੇ ਕਈ ਸਾਲਾਂ ਤੋਂ ਚਰਚਾ ਚੱਲ ਰਹੀ ਹੈ। ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ, ਤਾਂ ਬੱਬੂ ਮਾਨ ਪ੍ਰਤੀ ਕਈ ਸਵਾਲ ਖੜ੍ਹੇ ਹੋਏ ਸਨ। ਪੁਲਿਸ ਨੇ ਉਸ ਤੋਂ ਪੁੱਛਗਿੱਛ ਵੀ ਕੀਤੀ ਸੀ। ਹਾਲਾਂਕਿ ਪੁਲਿਸ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਸੀ, ਪਰ ਬੱਬੂ ਮਾਨ ਨੇ ਇਸ ਮੁੱਦੇ ‘ਤੇ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ 3 ਸਾਲ ਬਾਅਦ ਬੱਬੂ ਮਾਨ ਨੇ ਹੁਣ ਪਹਿਲੀ ਵਾਰ ਇਸ ਮੁੱਦੇ ‘ਤੇ ਆਪਣੀ ਚੁੱਪੀ ਤੋੜੀ ਹੈ।ਸਿੱਧੂ ਮੂਸੇਵਾਲਾ ਦਾ ਨਾਂ ਲਏ ਬਿਨਾਂ ਉਸ ਨੇ ਕਿਹਾ ਕਿ ਲੜਾਈ ਕਿਸੇ ਦੀ ਤੇ ਏਜੰਸੀਆਂ ਵਿਚ ਸਾਡੇ ਸਾਡੇ ਵਰਗਾ ਘੁੰਮਦਾ ਰਿਹਾ। ਮੈਂ ਆਪਣੀ ਸ਼ਰਾਫਤ ਦਾ ਸਰਟੀਫਿਕੇਟ ਲੈ ਕੇ 6 ਮਹੀਨੇ ਥਾਣਿਆਂ ਵਿੱਚ ਫਿਰਦਾ ਰਿਹਾ।
ਤੁਹਾਨੂੰ ਦੱਸ ਦੇਈਏ ਕਿ ਅੱਜਕਲ੍ਹ ਬੱਬੂ ਮਾਨ ਕੈਨੇਡਾ ਦੇ ਦੌਰੇ ‘ਤੇ ਹਨ। ਹਾਲ ਹੀ ਵਿੱਚ ਉਸ ਨੇ ਵੈਨਕੂਵਰ ਵਿੱਚ ਇੱਕ ਸ਼ੋਅ ਕੀਤਾ ਸੀ। ਸ਼ੁਰੂ ਵਿੱਚ ਇਸ ਸ਼ੋਅ ਦਾ ਵਿਰੋਧ ਕੀਤਾ ਗਿਆ ਸੀ। ਪਰ, ਜਦੋਂ ਸ਼ੋਅ ਹੋਇਆ, ਤਾਂ ਇਹ ਹਿੱਟ ਹੋ ਗਿਆ। ਬੱਬੂ ਮਾਨ ਨੇ ਇਸ ਸ਼ੋਅ ਦੌਰਾਨ ਇਹ ਗੱਲਾਂ ਕਹੀਆਂ। ਇਸ ਦੌਰਾਨ ਉਸ ਨੇ ਕਿਹਾ ਕਿ ਮੀਡੀਆ ਟ੍ਰਾਇਲ ਕਰਨਾ ਛੱਡ ਦਿਓ, ਪਤਾ ਨੀਂ ਕਿਹੜਾ ਚਿੱਠੀ ਪਾ ਦਿੰਦਾ ਤੇ ਸਾਡੇ ਵੀਜ਼ੇ ਰੁੱਕ ਜਾਂਦੇ ਨੇ। 2022 ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੂਰੇ ਪੰਜਾਬ ਵਿੱਚ ਗੁੱਸੇ ਅਤੇ ਸੋਗ ਦੀ ਲਹਿਰ ਸੀ। ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ SIT ਦੁਆਰਾ ਕੀਤੀ ਗਈ ਸੀ, ਜਿਸਨੇ ਕਈ ਪੱਧਰਾਂ ‘ਤੇ ਪੁੱਛਗਿੱਛ ਕੀਤੀ ਅਤੇ ਸਬੂਤ ਇਕੱਠੇ ਕੀਤੇ। ਜਾਂਚ ਦੌਰਾਨ ਉਨ੍ਹਾਂ ਸਾਰੇ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ, ਜਿਨ੍ਹਾਂ ਵਿੱਚੋਂ ਬੱਬੂ ਮਾਨ ਵੀ ਇੱਕ ਸੀ।
7 ਦਸੰਬਰ 2022 ਨੂੰ, ਬੱਬੂ ਮਾਨ ਨੂੰ ਐਸਆਈਟੀ ਨੇ ਮਾਨਸਾ ਬੁਲਾਇਆ ਅਤੇ ਪੁੱਛਗਿੱਛ ਕੀਤੀ। ਉਸ ਤੋਂ ਮੂਸੇਵਾਲਾ ਨਾਲ ਉਸਦੇ ਸਬੰਧਾਂ, ਪਿਛਲੇ ਸਮੇਂ ਵਿੱਚ ਸਾਹਮਣੇ ਆਏ ਮਤਭੇਦਾਂ ਅਤੇ ਕਿਸੇ ਵੀ ਸੰਭਾਵੀ ਵਿਵਾਦ ਬਾਰੇ ਵਿਸਥਾਰ ਨਾਲ ਪੁੱਛਗਿੱਛ ਕੀਤੀ ਗਈ ਸੀ। ਪੁੱਛਗਿੱਛ ਤੋਂ ਬਾਅਦ, ਐਸਆਈਟੀ ਨੇ ਸਪੱਸ਼ਟ ਕੀਤਾ ਸੀ ਕਿ ਬੱਬੂ ਮਾਨ ਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੋਈ ਸਿੱਧਾ ਜਾਂ ਅਸਿੱਧਾ ਸਬੰਧ ਨਹੀਂ ਹੈ। ਉਹ ਪੂਰੀ ਤਰ੍ਹਾਂ ਸ਼ੱਕ ਦੇ ਘੇਰੇ ਤੋਂ ਬਾਹਰ ਸੀ। ਪੁਲਿਸ ਨੂੰ ਉਸਦੀ ਭੂਮਿਕਾ ਜਾਂ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਮਿਲਿਆ।





