



ਬਠਿੰਡਾ :Cought Red Handed:ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਤਲਵੰਡੀ ਸਾਬੋ ਥਾਣੇ ਵਿੱਚ ਤਾਇਨਾਤ ਇੱਕ ਏਐਸਆਈ ਅਤੇ ਦੋ ਹੈੱਡ ਕਾਂਸਟੇਬਲਾਂ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਏਐਸਆਈ ਜਸਕੌਰ ਸਿੰਘ, ਹੈੱਡ ਕਾਂਸਟੇਬਲ ਕੁਲਵੀਰ ਸਿੰਘ ਅਤੇ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਸ਼ਾਮਲ ਹਨ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਰਿਸ਼ਵਤ ਤਲਵੰਡੀ ਸਾਬੋ ਵਿੱਚ ਐਨਡੀਪੀਐਸ ਅਤੇ ਆਬਕਾਰੀ ਐਕਟ ਅਧੀਨ ਦਰਜ ਇੱਕ ਮਾਮਲੇ ਵਿੱਚ ਰਾਹਤ ਦੇਣ ਦੇ ਬਦਲੇ ਮੰਗੀ ਗਈ ਸੀ। ਸ਼ਿਕਾਇਤਕਰਤਾ ਕਰਨਵੀਰ ਸਿੰਘ, ਵਾਸੀ ਪਿੰਡ ਕਲਾਲਵਾਲਾ ਨੇ ਵਿਜੀਲੈਂਸ ਨੂੰ ਦੱਸਿਆ ਕਿ 22 ਜੁਲਾਈ ਨੂੰ ਪੁਲਿਸ ਨੇ ਉਸਦੇ ਪਿਤਾ ਹਰਬੰਸ ਸਿੰਘ ਨੂੰ 15 ਕਿਲੋ ਭੁੱਕੀ, 20 ਲੀਟਰ ਗੈਰ-ਕਾਨੂੰਨੀ ਸ਼ਰਾਬ ਅਤੇ 450 ਲੀਟਰ ਲਾਹਣ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਸ ਵਿਰੁੱਧ ਐਨਡੀਪੀਐਸ ਅਤੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਕਰਨਵੀਰ ਸਿੰਘ ਦਾ ਦੋਸ਼ ਹੈ ਕਿ ਉਸਦੇ ਪਿਤਾ ਨੂੰ ਮਾਮਲੇ ਵਿੱਚ ਰਾਹਤ ਦੇਣ ਲਈ ਏਐਸਆਈ ਜਸਕੌਰ ਸਿੰਘ ਅਤੇ ਦੋਵੇਂ ਹੈੱਡ ਕਾਂਸਟੇਬਲਾਂ ਨੇ 20,000 ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਸਬੰਧੀ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇੱਕ ਜਾਲ ਵਿਛਾਇਆ ਗਿਆ ਅਤੇ ਸ਼ੁੱਕਰਵਾਰ ਸ਼ਾਮ ਨੂੰ ਤਲਵੰਡੀ ਸਾਬੋ ਥਾਣੇ ਵਿੱਚ ਤਾਇਨਾਤ ਤਿੰਨੋਂ ਪੁਲਿਸ ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਦੀ ਇਸ ਕਾਰਵਾਈ ਨੂੰ ਪੁਲਿਸ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।





