Friday, November 15, 2024
Breaking Newsਪੰਜਾਬਭਾਰਤਮੁੱਖ ਖਬਰਾਂ

ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਚ ਇਹ ਸਹੂਲਤ ਸ਼ੁਰੂ ਕੀਤੀ ਗਈ

 

ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਚ ਇਹ ਸਹੂਲਤ ਸ਼ੁਰੂ ਕੀਤੀ ਗਈ
ਨਵੀਂ ਦਿੱਲੀ, , (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਸਥਿਤ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਚ ਲੋਕਾਂ ਲਈ 50 ਰੁਪਏ ਵਿਚ ਐਮ ਆਰ ਆਈ ਤੇ 600 ਰੁਪਏ ਵਿਚ ਡਾਇਲਸਿਸ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਲਈ 50 ਰੁਪਏ ਵਿਚ ਐਮ ਆਰ ਆਈ ਦੀ ਸਹੂਲਤ ਦਸੰਬਰ ਮਹੀਨੇ ਤੋਂ ਸ਼ੁਰੂ ਹੋਵੇਗੀ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਕ ਹੋਰ ਕੈਟਾਗਿਰੀ ਬਣਾਈ ਗਈ ਹੈ ਜਿਸ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੇ ਤਸਦੀਕ ਕਰਨ ‘ਤੇ ਉਹਨਾਂ ਦੇ ਇਲਾਕੇ ਦੇ ਲੋਕਾਂ ਦੀ ਐਮ ਆਰ ਆਈ ਸਿਰਫ ਆਉਂਦੇ ਖਰਚੇ ‘ਤੇ ਕੀਤੀ ਜਾਵੇਗੀ।
ਦੋਵਾਂ ਆਗੂਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਪੋਲੀਕਲੀਨਿਕ ਵਿਚ ਡਾਇਲਸਿਸ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਜੋ ਇਸੇ ਮਹੀਨੇ ਸ਼ੁਰੂ ਹੋ ਜਾਵੇਗੀ ਤੇ ਮਰੀਜ਼ਾਂ ਦਾ 600 ਰੁਪਏ ਪ੍ਰਤੀ ਦੀ ਦਰ ‘ਤੇ ਡਾਇਲਸਿਸ ਕੀਤਾ ਜਾਵੇਗਾ ਜਦਕਿ ਆਮ ਤੌਰ ‘ਤੇ ਬਜ਼ਾਰ ਵਿਚ ਇਸਦੀ ਦਰ 4000 ਰੁਪਏ ਜਾਂ ਇਸ ਤੋਂ ਵੱਧ ਹੈ।
ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਦੱਸਿਆ ਕਿ ਇਥੇ ਇਲਾਜ ਕਰਨ ਸਮੇਂ ਧਰਮ ਦੇ ਨਾਂ ‘ਤੇ ਕੋਈ ਵਿਤਕਰਾ ਨਹੀਂ ਹੋਵੇਗਾ ਤੇ ਕਿਸੇ ਵੀ ਧਰਮ ਦਾ ਵਿਅਕਤੀ ਆ ਕੇ ਇਥੇ ਆਪਣਾ ਇਲਾਜ ਕਰਵਾ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਗੁਰੂ ਸਾਹਿਬਾਨ ਦੇ ਦਰਸਾਏ ਰਾਹ ‘ਤੇ ਚਲਦਿਆਂ ਇਹ ਸੇਵਾ ਸ਼ੁਰੂ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਇਸ ਅਸਥਾਨ ‘ਤੇ ਹੁਣ ਵੀ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆ ਕੇ ਆਪਣੇ ਕਸ਼ਟ ਨਿਵਾਰਦੇ ਹਨ।
ਉਹਨਾਂ ਦੱਸਿਆ ਕਿ ਐਮ ਆਰ ਆਈ ਮਸ਼ੀਨਾਂ ਦਾ ਆਰਡਰ ਦੇ ਦਿੱਤਾ ਗਿਆ ਹੈ ਤੇ ਜਰਮਨ ਤੋਂ ਇਹ ਮਸ਼ੀਨਾਂ ਆਉਣ ਉਪਰੰਤ ਦਸੰਬਰ ਤੋਂ ਐਮ ਆਰ ਆਈ ਸਹੂਲਤ ਸ਼ੁਰੂ ਹੋ ਜਾਵੇਗੀ। ਉਹਨਾਂ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਦਿੱਲੀ ਦਾ ਸਭ ਤੋਂ ਸਸਤਾ ਡਾਇਲਸਿਸ ਤੇ ਡਾਇਗਨੋਜ਼ ਸੈਂਟਰ ਵੀ ਇਥੇ ਬਣਨ ਜਾ ਰਿਹਾ ਰਿਹਾ ਹੈ।
ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਕਿਹਾ ਕਿ ਕਮੇਟੀ ਵੱਲੋਂ ਖੋਲੇ ਗਏ ਬਾਲਾ ਪ੍ਰੀਤਮ ਦਵਾਖਾਨੇ ਨੂੰ ਸੰਗਤ ਦਾ ਚੰਗਾ ਹੁੰਗਾਰਾ ਮਿਲਿਆ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਸਸਤੇ ਟੈਸਟਾਂ ਦਾ ਇਹ ਪ੍ਰਾਜੈਕਟ ਵੀ ਕਾਮਯਾਬ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕੀਤਾ ਕਿ ਕੋਰੋਨਾ ਸੰਕਟ ਵੇਲੇ ਲੋਕ ਆਪਣਾ ਇਲਾਜ ਕਰਵਾਉਣ ਤੋਂ ਵੀ ਅਸਮਰਥ ਹਨ, ਇਸ ਲਈ ਬਾਲਾ ਪ੍ਰੀਤਮ ਦਵਾਖਾਨਾ ਤੇ ਹੁਣ ਇਹ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ।
ਦੋਹਾਂ ਆਗੂਆਂ ਨੇ ਕਿਹਾ ਕਿ ਸੰਗਤ ਤੋਂ ਮਿਲ ਰਹੇ ਸਮਰਥਨ ਤੋਂ ਸਪਸ਼ਟ ਹੈ ਕਿ ਲੋਕਾਂ ਨੇ ਸਮਝ ਲਿਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਮੌਜੂਦਾ ਟੀਮ ਸੰਗਤ ਦੀ ਸਹੀ ਤਰੀਕੇ ਸੇਵਾ ਕਰ ਰਹੀ ਹੈ।
ਇਸ ਮੌਕੇ ਕਮੇਟੀ ਦੇ ਸਯੁੰਕਤ ਸਕੱਤਰ ਹਰਵਿੰਦਰ ਸਿੰਘ ਕੇਪੀ, ਗੁਰੂ ਹਰਿ ਕ੍ਰਿਸ਼ਨ ਪੋਲੀਕਲੀਨਿੱਕ ਦੇ ਚੇਅਰਮੈਨ ਭੁਪਿੰਦਰ ਸਿੰਘ ਭੁੱਲਰ ਵੀ ਮੌਜੂਦ ਰਹੇ।

Share the News

Lok Bani

you can find latest news national sports news business news international news entertainment news and local news