ਪੰਜਾਬ ਯੂਥ ਡਿਪੈਲਪਮੈਂਟ ਬੋਰਡ ਵਲੋਂ ਚਲਾਈ ਗਈ ਮੁਹਿੰਮ ਦਾ ਜਾਰੀ ਕੀਤਾ ਪੋਸਟਰ
ਪੰਜਾਬ ਯੂਥ ਡਿਪੈਲਪਮੈਂਟ ਬੋਰਡ ਵਲੋਂ ਚਲਾਈ ਗਈ ਮੁਹਿੰਮ ਦਾ ਜਾਰੀ ਕੀਤਾ ਪੋਸਟਰ
ਲੁਧਿਆਣਾ, ( ਰਾਮ ਰਾਜਪੂਤ, ਸੁਖਚੈਨ ਮਹਿਰਾ ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਯੁਵਕ ਸੇਵਾਵਾਂ ਵਿਭਾਗ ਵੱਲੋਂ ਮਿਸ਼ਨ ਫਤਿਹ ਤਹਿਤ ਕੋਵਿਡ-19 ਬਾਰੇ ਫੈਲ ਰਹੀਆਂ ਅਫਵਾਹਾਂ ਖਿਲਾਫ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ।
ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸਥਾਨਕ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਵਿਖੇ ਜਾਗਰੂਕਤਾ ਪੋਸਟਰ ਜਾਰੀ ਕਰਕੇ ਹਫਤਾ ਭਰ ਚੱਲਣ ਵਾਲੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਸ੍ਰੀ ਦਵਿੰਦਰ ਸਿੰਘ ਲੋਟੇ ਵੀ ਮੌਜੂਦ ਸਨ।
ਸ੍ਰੀ ਬਿੰਦਰਾ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰ ਰਾਜ ਦੇ ਵਸਨੀਕਾਂ ਵਿਚ ਕੋਵਿਡ-19 ਬਾਰੇ ਝੂਠੀਆਂ ਅਫਵਾਹਾਂ ਫੈਲਾ ਰਹੇ ਸਨ, ਜਿਸ ਨੂੰ ਮੁੱਖ ਮੰਤਰੀ ਨੇ ਬਹੁਤ ਗੰਭੀਰਤਾ ਨਾਲ ਲਿਆ ਤੇ ਹਦਾਇਤ ਕੀਤੀ ਕਿ ਯੁਵਕ ਸੇਵਾਵਾਂ ਵਿਭਾਗਾਂ ਦੇ ਸਹਿਯੋਗ ਨਾਲ ਮਿਸ਼ਨ ਫਤਿਹ ਅਧੀਨ ਸਮੂਹ ਡਿਪਟੀ ਕਮਿਸ਼ਨਰ ਲੋਕਾਂ ਨੂੰ ਝੂਠੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਲਈ ਜਾਗਰੂਕ ਕਰਨ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ 14 ਸਤੰਬਰ ਤੋਂ 20 ਸਤੰਬਰ ਤੱਕ ਵੱਖ-ਵੱਖ ਯੂਥ ਕਲੱਬਾਂ, ਐਨ.ਐਸ.ਐਸ ਵਾਲੰਟੀਅਰਾਂ ਅਤੇ ਰੈਡ ਰਿਬਨ ਕਲੱਬਾਂ ਦੇ ਨੌਜਵਾਨ ਅਫਵਾਹਾਂ ਵਿਰੁੱਧ ਜਾਗਰੂਕਤਾ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਨਗੇ ਜਿਸ ਵਿਚ ਜੂਮ ਮੀਟਿੰਗਾਂ, ਸੋਸ਼ਲ ਮੀਡੀਆ ‘ਤੇ ਜਾਗਰੂਕਤਾ, ਸਲੋਗਨ ਰਾਈਟਿੰਗ, ਮਹਿੰਦੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਸ਼ਾਮਲ ਹੋਣਗੇ।
ਸ੍ਰੀ ਬਿੰਦਰਾ ਨੇ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਤੋਂ ਇਲਾਵਾ ਯੂਥ ਕਲੱਬ ਅਤੇ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਪਿੰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਗੇ। ਉਨ੍ਹਾਂ ਅੱਗੇ ਦੱਸਿਆ ਕਿ ਜਿਥੇ ਰਾਜ ਦਾ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸਿਹਤ ਲਈ ਤਨਦੇਹੀ ਨਾਲ ਕੰਮ ਕਰ ਰਿਹਾ ਹੈ, ਉਥੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਪੁਲਿਸ ਨੂੰ ਸਹਿਯੋਗ ਦੇਣ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਬਾਰੇ ਸੂਚਿਤ ਕਰਨ।
ਉਨ੍ਹਾਂ ਰਾਜ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸੁਚੇਤ ਰਹਿਣ ਅਤੇ ਕੋਵਿਡ -19 ਸਬੰਧੀ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਆਪਣੇ ਪਰਿਵਾਰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਿਯੋਗ ਕਰ ਸਕਣ